ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੀਏਏ ਬਾਰੇ ਵਿਰੋਧੀ ਧਿਰ ਦੇ ਆਗੂਆਂ ਦੇ ਬਿਆਨ ਨੂੰ ਤੱਥਾਂ ਰਹਿਤ ਕਰਾਰ ਦਿੰਦਿਆਂ ਕਿਹਾ ਕਿ ਇੰਡੀ ਗਠਜੋੜ ਦੇ ਆਗੂਆਂ ਨੂੰ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨਾ ਚਾਹੀਦਾ ਹੈ, ਉਹਨਾਂ ਨੇ ਹਾਸੋਹੀਣਾ, ਗੁੰਮਰਾਹਕੁੰਨ ਬਿਆਨਾਂ ਲਈ ਕੇਜਰੀਵਾਲ, ਕਾਂਗਰਸ ਅਤੇ ਮਮਤਾ ਬੈਨਰਜੀ ਦੀ ਆਲੋਚਨਾ ਕੀਤੀ।
ਚੁੱਘ ਨੇ ਕਿਹਾ ਕਿ ਸੀਏਏ ‘ਤੇ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਕਿਸੇ ਧਰਮ, ਜਾਤ ਜਾਂ ਫਿਰਕੇ ਨੂੰ ਕੋਈ ਖਤਰਾ ਨਹੀਂ ਹੈ, ਸਿਰਫ ਖ਼ਤਰਾ ਰੋਹਿੰਗਿਆ, ਗੈਰ-ਕਾਨੂੰਨੀ ਘੁਸਪੈਠੀਆਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਹੈ। ਰੋਹਿੰਗਿਆ ਜੋ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖਲ ਹੋ ਕੇ ਦੇਸ਼ ਦੇ ਮਹੋਲ ਨੂੰ ਅਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਤਰੁਣ ਚੁੱਘ ਨੇ ਕਿਹਾ ਹੈ ਕਿ ਗੁਆਂਢੀ ਦੇਸ਼ਾਂ ‘ਚ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਘੱਟ ਗਿਣਤੀਆਂ ‘ਤੇ ਅੱਤਿਆਚਾਰ, ਅਧਿਕਾਰਾਂ ਦੀ ਉਲੰਘਣਾ, ਅਸੁਰੱਖਿਆ, ਔਰਤਾਂ ‘ਤੇ ਅੱਤਿਆਚਾਰ ਅਤੇ ਧਰਮ ਪਰਿਵਰਤਨ ਹੋ ਰਿਹਾ ਹੈ, ਇਹ ਅਸਹਿ ਹੈ। ਉਨ੍ਹਾਂ ਨੂੰ ਮਨੁੱਖਤਾ ਦੇ ਆਧਾਰ ‘ਤੇ ਸੁਰੱਖਿਆ ਮਿਲਣੀ ਚਾਹੀਦੀ ਹੈ।
ਚੁੱਘ ਨੇ ਕਿਹਾ ਕਿ 1947 ਤੋਂ ਬਾਅਦ ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀ ਹਿੰਦੂ, ਸਿੱਖ, ਈਸਾਈ, ਜੈਨ ਅਤੇ ਬੋਧੀਆਂ ਦੀ ਗਿਣਤੀ ਲਗਭਗ 28 ਫੀਸਦੀ ਸੀ, ਜੋ ਅੱਜ ਘੱਟ ਕੇ 1 ਤੋਂ 2 ਫੀਸਦੀ ਰਹਿ ਗਈ ਹੈ। ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਆਦਿ ਵਿਚ ਹਿੰਦੂਆਂ, ਸਿੱਖਾਂ, ਇਸਾਈਆਂ, ਜੈਨੀਆਂ ਆਦਿ ਦੇ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਅਤੇ ਅੱਤਿਆਚਾਰ ਹੋਏ ਹਨ, ਇਹ ਬਹੁਤ ਚਿੰਤਾਜਨਕ ਹੈ।
ਤਰੁਣ ਚੁੱਘ ਨੇ ਵਿਰੋਧੀ ਨੇਤਾਵਾਂ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੀ CAA ਰਾਹੀਂ ਹਿੰਦੂਆਂ, ਸਿੱਖਾਂ, ਈਸਾਈਆਂ, ਜੈਨੀਆਂ, ਬੋਧੀਆਂ ਆਦਿ ਨੂੰ ਮਾਨਵਤਾ ਦੇ ਆਧਾਰ ‘ਤੇ ਕਾਨੂੰਨੀ ਨਾਗਰਿਕਤਾ ਦੇਣ ‘ਚ ਕੋਈ ਸਮੱਸਿਆ ਹੈ? ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਰੋਹਿੰਗਿਆ ਪ੍ਰਤੀ ਕੀ ਹਮਦਰਦੀ ਹੈ?
ਚੁੱਘ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਕੇਜਰੀਵਾਲ, ਮਮਤਾ ਬੈਨਰਜੀ, ਕਾਂਗਰਸ ਆਦਿ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਉਹ ਤੁਸ਼ਟੀਕਰਨ ਦੀ ਇਸ ਘਟੀਆ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋਣਗੇ। ਇੰਡੀ ਗਠਜੋੜ ਦੇ ਆਗੂ ਭੰਬਲਭੂਸਾ ਫੈਲਾ ਕੇ ਅਤੇ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਆਪਣਾ ਉੱਲੂ ਸਿਧਾ ਕਰਨਾ ਚਾਹੁੰਦੇ ਹਨ। ਦੇਸ਼ ਦੇ ਲੋਕ ਜਾਣਦੇ ਹਨ ਕਿ ਇੰਡੀ ਗਠਜੋੜ ਦੇ ਇਹ ਕੁਝ ਸਿਆਸੀ ਲੋਕ ਦੇਸ਼ ਦੀ ਸੁਰੱਖਿਆ ਅਤੇ ਏਕਤਾ ਦੀ ਬਜਾਏ ਧਾਰਮਿਕ ਤੁਸ਼ਟੀਕਰਨ ਕਰਕੇ ਵੋਟ ਬੈਂਕ ਦੀ ਰਾਜਨੀਤੀ ਕਰਨਾ ਚਾਹੁੰਦੇ ਹਨ। ਦੇਸ਼ ਦੇ ਲੋਕ ਮੋਦੀ ਜੀ ਦੀ ਅਗਵਾਈ ਵਿੱਚ ਇੱਕ ਮਜ਼ਬੂਤ, ਸੁਰੱਖਿਅਤ ਅਤੇ ਵਿਕਸਤ ਭਾਰਤ ਬਣਾਉਣਾ ਚਾਹੁੰਦੇ ਹਨ।