-ਜਗਤਾਰ ਸਿੰਘ ਸਿੱਧੂ (ਐਡੀਟਰ);
ਅੱਜ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਚ ਹੋਏ ਤਾਜਪੋਸ਼ੀ ਸਮਾਗਮ ਵਿਚ ਸੁਭਾਵਿਕ ਤੌਰ ‘ਤੇ ਹੀ ਨਵਜੋਤ ਸਿੱਧੂ ਦੇ ਸਮਾਗਮ ਵਿਚ ਛਾ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਸਮਾਗਮ ਵਿਚ ਸ਼ਾਮਲ ਹੋਏ ਤੇ ਸਿੱਧੂ ਦੀ ਤਾਰੀਫ ਵੀ ਕੀਤੀ ਗਈ ਅਤੇ ਪਰਿਵਾਰਕ ਨੇੜਤਾ ਦਾ ਵੀ ਜ਼ਿਕਰ ਕੀਤਾ। ਦੋਹਾਂ ਹੀ ਆਗੂਆਂ ਨੇ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸੀ ਵਰਕਰਾਂ ਨੂੰ ਡਟ ਜਾਣ ਦਾ ਸੱਦਾ ਦਿਤਾ ਹੈ ਅਤੇ ਨਾਲ ਹੀ ਇਹ ਸੁਨੇਹਾ ਵੀ ਦਿਤਾ ਹੈ ਕਿ ਕਾਂਗਰਸ ਦੀ ਮਜ਼ਬੂਤੀ ਲਈ ਮਿਲ ਕੇ ਕੰਮ ਕਰਨਗੇ। ਸਿੱਧੂ ਨੂੰ ਬੜੀ ਜਦੋ-ਜਹਿਦ ਬਾਅਦ ਪ੍ਰਧਾਨਗੀ ਲਈ ਤਾਜਪੋਸ਼ੀ ਦਾ ਸਮਾਗਮ ਦੇਖਣਾ ਨਸੀਬ ਹੋਇਆ। ਇਸ ਕਰਕੇ ਉਨ੍ਹਾਂ ਨੇ ਪੂਰੇ ਜ਼ੋਰਦਾਰ ਸ਼ਬਦਾਂ ਨਾਲ ਆਪਣੀ ਪ੍ਰਧਾਨਗੀ ਦਾ ਮਕਸਦ ਦੱਸਿਆ।
ਸਿੱਧੂ ਨੇ ਪਿਛਲੇ ਕਈ ਮਹੀਨਿਆਂ ਤੋਂ ਨਿਰਾਸ਼ ਬੈਠੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਨਾਲ ਲੈਕੇ ਚੱਲਣ ਦਾ ਭਰੋਸਾ ਦਿੰਦੇ ਹੋਏ ਕਿਹਾ ਹੈ ਕਿ ਉਹ ਮਿਸ਼ਨ ਪੰਜਾਬ ਲਈ ਸਾਰੀਆਂ ਨੂੰ ਨਾਲ ਲੈਕੇ ਚਲਣਗੇ। ਸਿੱਧੂ ਨੇ ਪਾਰਟੀ ਵਰਕਰਾਂ ਨੂੰ ਪਾਰਟੀ ਨਾਲ ਹੇਠਲੀ ਪੱਧਰ ਦੇ ਜੁੜਣ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ 15 ਅਗਸਤ ਤੋਂ ਉਹ ਪੰਜਾਬ ਕਾਂਗਰਸ ਭਵਨ ਵਿਚ ਹੀ ਆਪਣਾ ਬਿਸਤਰਾ ਲਾਉਣਗੇ। ਇਹ ਰਵਾਇਤ ਪੁਰਾਣੇ ਕਾਂਗਰਸ ਪ੍ਰਧਾਨਾਂ ਵਿਚ ਰਹੀ ਹੈ। ਮਰਹੁਮ ਬੇਅਤ ਸਿੰਘ ਅਤੇ ਸ਼ਮਸ਼ੇਰ ਸਿੰਘ ਦੂਲੋਂ ਹਮੇਸ਼ਾ ਕਾਂਗਰਸ ਭਵਨ ਜਾ ਕੇ ਰਾਤ ਕੱਟਦੇ ਸਨ। ਇਨ੍ਹਾਂ ਦੋਹਾਂ ਆਗੂਆਂ ਤੋਂ ਬਾਅਦ ਕਾਂਗਰਸ ਭਵਨ ਵਿਚ ਅਕਸਰ ਬੇਰੌਣਕੀ ਰਹੀ।
ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ ਦਾ ਅਹਿਮ ਪਹਿਲੂ ਨਵਜੋਤ ਸਿੱਧੂ ਵੱਲੋ ਵੱਡੇ ਮੁੱਦਿਆ ਉੱਤੇ ਪੰਜਾਬੀਆਂ ਨੂੰ ਦਿੱਤਾ ਭਰੋਸਾ ਹੈ। ਸਿੱਧੂ ਨੇ ਬਹੁਤ ਜ਼ੋਰਦਾਰ ਢੰਗ ਨਾਲ ਕਿਹਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਤਾਂ ਸਾਡਾ ਅਹੁਦੇਦਾਰੀਆਂ ਸਾਂਭਣ ਦਾ ਕੀ ਫਾਇਦਾ ਹੈ? ਇਸ ਮਾਮਲੇ ਵਿਚ ਉਨ੍ਹਾਂ ਨੇ ਖਾਸ ਤੌਰ ‘ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨੇ ‘ਤੇ ਲਿਆ। ਨਸ਼ਿਆਂ ਦੇ ਮੁੱਦੇ ‘ਤੇ ਉਸ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਦਾ ਇਸ਼ਾਰਾ ਕੀਤਾ।
ਕਿਸਾਨੀ ਸੰਘਰਸ਼ ਦੀ ਖੁੱਲ੍ਹ ਕੇ ਹਮਾਇਤ ਕੀਤੀ ਅਤੇ ਇਹ ਵੀ ਕਿਹਾ ਕਿ ਉਹ ਕਿਸਾਨੀ ਮੁੱਦੇ ਬਾਰੇ ਕਿਸਾਨਾ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਵੱਖ-ਵੱਖ ਵਰਗਾਂ ਦੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ। ਇਹ ਕਿਹਾ ਜਾ ਸਕਦਾ ਹੈ ਕਿ ਉਸ ਦਾ ਭਾਸ਼ਨ ਪ੍ਰਧਾਨਗੀ ਦੇ ਨਾਲ ਨਾਲ ਸਰਕਾਰ ਕਈ ਮੁੱਦਿਆਂ ਬਾਰੇ ਜਵਾਬਦੇਹੀ ਵੀ ਤੈਅ ਕਰਦਾ ਸੀ। ਕੇਵਲ ਐਨਾ ਹੀ ਨਹੀਂ ਨਵੇਂ ਪ੍ਰਧਾਨ ਨੇ ਅਕਾਲੀ ਦਲ ਦੇ ਨਾਲ ਨਾਲ ‘ਆਪ’ ਨੂੰ ਵੀ ਨਿਸ਼ਾਨੇ ‘ਤੇ ਲਿਆ। ਇਸ ਨਾਲ ‘ਆਪ’ ਨੂੰ ਮਾਯੂਸੀ ਜ਼ਰੂਰ ਹੋਈ ਹੋਏਗੀ ਕਿ ਸਿੱਧੂ ਦੀਆਂ ‘ਆਪ’ ਵੱਲੋ ਕੀਤੀਆਂ ਤਾਰੀਫਾਂ ਦਾ ਕੋਈ ਫਾਇਦਾ ਨਹੀਂ ਹੋਇਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸਮਾਗਮ ਵਿਚ ਨਾਲ ਕਾਂਗਰਸੀ ਹਲਕਿਆਂ ਵਿਚ ਤਾਂ ਉਤਸ਼ਾਹ ਹੀ ਵਧਿਆ ਪਰ ਮੁੱਖ ਮੰਤਰੀ ਦੇ ਭਾਸ਼ਨ ਦੀ ਸੁਰ ਸਿੱਧੂ ਦੇ ਭਾਸ਼ਨ ਦੀ ਸੁਰ ਨਾਲੋਂ ਵੱਖਰੀ ਸੀ। ਮੁੱਖ ਮੰਤਰੀ ਨੇ ਸਿਹਤ-ਸਿੱਖਿਆ ਅਤੇ ਫਸਲਾਂ ਦੀ ਪੈਦਾਵਾਰ ਦੇ ਖੇਤਰ ਵਿਚ ਪੰਜਾਬ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਬੇਅਦਬੀ ਮੁੱਦੇ ‘ਤੇ ਵੀ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨੀ ਅੜਚਨਾਂ ਕਰਕੇ ਦੇਰ ਹੋ ਰੋਹੀ ਹੈ ਪਰ ਸਰਕਾਰ ਕਾਰਵਾਈ ਕਰਨ ਲਈ ਦ੍ਰਿੜ ਹੈ। ਕੈਪਟਨ ਅਮਰਿੰਦਰ ਦਾ ਭਾਸ਼ਨ ਜਾਪਦਾ ਹੈ ਕਿ ਵਿਰੋਧੀ ਧਿਰਾਂ ਜਾਣ ਬੁਝ ਕੇ ਸਰਕਾਰ ਨੂੰ ਬਦਨਾਮ ਕਰ ਰਹੀਆਂ ਹਨ।
ਸਿੱਧੂ ਆਖ ਰਿਹਾ ਹੈ ਕਿ ਉਹ ਪ੍ਰਧਾਨਗੀ ਪੰਜਾਬ ਦੇ ਮਸਲੇ ਹੱਲ ਕਰਾਉਣ ਲਈ ਬਣਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਭਾਸ਼ਨ ਵੀ ਅਹਿਮ ਰਿਹਾ। ਜਾਖੜ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ‘ਤੇ ਪੰਜਾਬ ਜਵਾਬ ਮੰਗਦਾ ਹੈ। ਉਨ੍ਹਾਂ ਨੇ ਵੀ ਅਕਾਲੀਆਂ ਨੂੰ ਨਿਸ਼ਾਨੇ ‘ਤੇ ਲਿਆ। ਜਾਖੜ ਦਾ ਕਹਿਣਾ ਸੀ ਕਿ ਅਕਾਲੀ ਆਗੂਆਂ ਨੂੰ ਰੈਡ ਕਾਰਪਟ ਨੇ ਮਾਰਿਆ ਤਾਂ ਸਾਨੂੰ ਲਾਲ ਫੀਤਾਸ਼ਾਹੀ ਨੇ ਮਾਰਿਆ। ਉਨ੍ਹਾਂ ਨੇ ਆਪਣੇ ਵਿਰੁੱਧ ਚਲੀਆਂ ਸਾਰੀਆਂ ਅਫਵਾਹਾਂ ਦਾ ਖੰਡਨ ਵੀ ਕੀਤਾ।
ਤਾਜਪੋਸ਼ੀ ਸਮਾਗਮ ਵਿਚ ਪਿਛਲੇ ਕਾਫੀ ਸਮੇਂ ਤੋਂ ਖਿਲਰੀ ਕਾਂਗਰਸ ਇਕਮੁੱਠ ਨਜ਼ਰ ਆਈ ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਨੇੜਤਾ ਕਿੰਨੇ ਸਮੇਂ ਲਈ ਬਣੀ ਹੈ। ਪਰ ਅੱਜ ਦੇ ਸਮਾਗਮ ਨੇ ਇਹ ਤੈਅ ਕਰ ਦਿੱਤਾ ਹੈ ਕਿ ਇਹ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਵਾਲੀ ਕਾਂਗਰਸ ਨਹੀਂ ਸੀ।
ਸੰਪਰਕ-9814002186