ਚੰਡੀਗੜ੍ਹ, (ਅਵਤਾਰ ਸਿੰਘ) : ਆਤਮ- ਨਿਰਭਰ ਭਾਰਤ ਦਾ ਟੀਚਾ ਪੂਰਾ ਕਰਨ ਲਈ ਮਹਿਲਾ ਆਰਥਿਕ ਸਸ਼ਕਤੀਕਰਨ ਇਕੋ ਇਕ ਹੱਲ ਹੈ। ਕੋਵਿਡ -19 ਦੀ ਮਹਾਂਮਾਰੀ ਨੇ ਸਮਾਜ ਦੇ ਹਰ ਵਰਗ ਖਾਸ ਤੌਰ ‘ਤੇ ਗਰੀਬ, ਦਿਹਾੜੀਦਾਰ ਅਤੇ ਔਰਤਾਂ ਨੂੰ ਵੱਡੀ ਪੱਧਰ ‘ਤੇ ਢਾਹ ਲਾਈ ਹੈ। ਸਾਇੰਸ ਸਿਟੀ ਵਲੋਂ ਸਥਾਪਤ “ਵੂਮੈਨ ਟਕਨਾਲੌਜੀ ਪਾਰਕ” ਪੇਂਡੂ ਔਰਤਾਂ ਦੇ ਸਸ਼ਕਤੀਕਰਨ ਅਤੇ ਆਤਮ ਨਿਰਭਰ ਭਾਰਤ ਵੱਲ ਇਕ ਕਾਰਗਰ ਕਦਮ ਹੈ। ਇਸ ਪਾਰਕ ਦਾ ਉਦਘਾਟਨ ਸੰਯੁਕਤ ਕਮਿਸ਼ਨਰ ਵਿਕਾਸ ਕਮ ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਦੀ ਮੁਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਨੀਲਿਮਾ ਆਈ .ਏ.ਐਸ ਨੇ ਕੀਤਾ। ਇਸ ਮੌਕੇ ਸਾਇੰਸ ਸਿਟੀ ਦੇ ਵੂਮੈਨ ਟੈਕਨਾਲੌਜੀ ਪਾਰਕ ਵਿਚ ਸਿਖਲਾਈ ਪ੍ਰਾਪਤ ਕਰਨ ਆਈਆਂ ਔਰਤਾਂ ਨੂੰ ਸਬੰਧੋਨ ਕਰਦਿਆਂ ਸੰਯੁਕਤ ਕਮਿਸ਼ਨ ਵਿਕਾਸ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਦੱਸਿਆ ਕਿ ਵੂਮੈਨ ਟਕਨਾਲੌਜ਼ੀ ਪਾਰਕ ਔਰਤਾਂ ਲਈ ਸਿਰਫ਼ ਇਕ ਟਰੇਨਿੰਗ ਸੈਂਟਰ ਹੀ ਨਹੀਂ ਹੈ ਸਗੋਂ ਅਜੀਵਕਾ ਟੈਕਨਾਲੌਜੀ ਦਾ ਵੀ ਕੇਂਦਰ ਹੈ। ਇਹ ਪਾਰਕ ਜਿੱਥੇ ਔਰਤਾਂ ਨੂੰ ਹੁਨਰਮੰਦ ਬਣਾਏਗਾ ਉੱਥੇ ਹੀ ਖਾਸ ਕਰਕੇ ਪੇਂਡੂ ਔਰਤਾਂ ਨੂੰ ਸਿਖਲਾਈ ਪ੍ਰਾਪਤ ਕਰਨ ਦੇ ਬਰਾਬਰ ਦੇ ਮੌਕੇ ਵੀ ਪ੍ਰਦਾਨ ਕਰੇਗਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਇੰਸ ਸਿਟੀ ਵਿਖੇ ਖੁੰਭਾਂ (ਮਸ਼ਰੂਮ) ਦੀ ਖੇਤੀ ਦੀ ਸਿਖਲਾਈ ਦੇਣ ਦੇ ਵੈਜ ਸ਼ੁਰੂ ਕਰ ਦਿੱਤੇ ਗਏ ਹਨ। ਇਹਨਾਂ ਦੋ ਵੈਜਾਂ ਵਿਚ ਸਿਖਲਾਈ ਪ੍ਰਾਪਤ ਕਰਨ ਵਾਸਤੇ ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ, ਵਲੋਂ ਕ੍ਰਿਸ਼ੀ ਸਖੀ ਅਧੀਨ ਸੰਗਰੂਰ, ਤਰਨਤਾਰਨ, ਗੁਰਦਾਸਪੁਰ, ਫ਼ਿਰੋਜ਼ਪੁਰ, ਪਠਾਨਕੋਟ, ਪਟਿਆਲਾ ਅਤੇ ਬਠਿੰਡਾਂ ਤੋਂ 64 ਕ੍ਰਿਸ਼ੀ ਸਖੀਆਂ ਦੀ ਚੋਣ ਕਰਕੇ ਭੇਜਿਆ ਗਿਆ ਹੈ। ਇਹ ਔਰਤਾਂ ਅੱਗੋਂ ਪੰਜਾਬ ਦੀਆਂ 15000 ਮਹਿਲਾ ਕਿਸਾਨਾਂ ਨੂੰ ਸਿਖਲਾਈ ਦੇਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ, ਸ਼੍ਰੀਮਤੀ ਦੀਪਤੀ ਉਪੱਲ, ਆਈ.ਏ.ਐਸ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੈਲਫ਼ ਹੈਲਫ਼ ਗਰੁੱਪ ਅਧੀਨ ਕੰਮ ਕਰਨ ਵਾਲੀਆਂ ਔਰਤਾਂ ਦੀ ਮਦਦ ਲਈ ਕਪੂਰਥਲਾ ਜ਼ਿਲਾ ਪ੍ਰਸਾਸ਼ਨ ਵਲੋਂ ਪਹਿਲਾਂ ਹੀ “ਬੀਬੀਆਂ ਦੀ ਦੁਕਾਨ” ਖੋਲੀ ਗਈ ਹੈ। ਇਸ ਦੁਕਾਨ ‘ਤੇ ਪਿੰਡਾਂ ਦੀਆਂ ਔਰਤਾਂ ਵੱਲੋਂ ਤਿਆਰ ਕੀਤਾ ਗਿਆ ਘਰੇਲੂ ਵਰਤੋਂ ਦਾ ਸਾਰਾ ਸਮਾਨ, ਜਿਵੇਂ ਦੇਸੀ ਘਿਓ, ਬਿਸਕੁਟ, ਹਲਦੀ ਆਦਿ ਵੇਚੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲਾ ਪ੍ਰਸਾਸ਼ਨ ਅਧੀਨ ਇਸ ਵੇਲੇ 188 ਸੈਲਫ਼ ਹੈਲਫ਼ ਗਰੁੱਪ ਕੰਮ ਕਰ ਰਹੇ ਜਿਹਨਾਂ ਦੇ 1992 ਮੈਂਬਰਾਂ ਵਿਚੋਂ 1400 ਔਰਤਾਂ ਕੰਮ ਕਰ ਰਹੀਆਂ ਹਨ। ਇਹ ਔਰਤਾਂ ਸਿਰਫ਼ ਘਰੇਲੂ ਵਰਤੋਂ ਦਾ ਸਾਮਾਨ ਹੀ ਨਹੀਂ ਬਣਾਉਂਦੀਆਂ ਸਗੋਂ ਸੂਟਾਂ ਦੀ ਸਿਲਾਈ ਅਤੇ ਦਸਤਕਾਰੀ ਦਾ ਕੰਮ ਵੀ ਕਰਦੀਆਂ ਹਨ। ਉਨਾਂ ਕਿਹਾ ਵੂਮੈਨ ਟੈਕਨਾਲੌਜੀ ਪਾਰਕ ਅਧੀਨ ਤਿਆਰ ਕੀਤੇ ਗਏ ਸਾਮਾਨ ਨੂੰ ਵੀ ਬੀਬੀਆਂ ਦੀ ਦੁਕਾਨ ‘ਤੇ ਵੇਚਿਆ ਜਾਵੇਗਾ।
ਇਸ ਪਾਰਕ ਬਾਰੇ ਜਾਣਕਾਰੀ ਦਿੰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਦੱਸਿਆ ਕਿ “ਵੂਮੈਨ ਟੈਕਨਾਲੌਜੀ ਪਾਰਕ” ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੌਜੀ ਵਿਭਾਗ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ। ਇਹ ਪਾਰਕ ਖਿੱਤੇ ਦੀਆਂ ਪੇਂਡੂ ਮਹਿਲਾਵਾਂ ਨੂੰ ਅਜੀਵਕਾ ਕਮਾਉਣ ਦੇ ਅਹਿਮ ਮੌਕੇ ਪ੍ਰਦਾਨ ਕਰੇਗਾ। ਇਸ ਪ੍ਰੋਜੈਕਟ ਦੇ ਅਧੀਨ ਪੇਂਡੂ ਮਹਿਲਾਵਾਂ ਨੂੰ ਢੀਂਗਰੀ ਦੀ ਖੇਤੀ, ਬਲਾਕ ਪ੍ਰੀਟਿੰਗ ਅਤੇ ਕੰਪਿਊਂਟਰ ਤਕਨੀਕ ਨਾਲ ਕੱਪੜਿਆਂ ‘ਤੇ ਮਸ਼ੀਨੀ ਕਢਾਈ ਕਰਨ ਅਤੇ ਪਸ਼ੂਆਂ ਦੇ ਗੋਬਰ ਤੋਂ ਬਾਲਣ ਲਈ ਸ਼ਤੀਰ ਆਦਿ ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ। 59.60 ਲੱਖ ਰੁਪਏ ਦੀ ਲਾਗਤ ਰਾਸ਼ੀ ਨਾਲ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਤਕਰੀਬਨ 3 ਸਾਲ ਤੱਕ ਚਲੇਗਾ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਇੱਥੋ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਔਰਤਾਂ ਲਈ ਟਰੇਨਿੰਗ ਤੋਂ ਬਾਅਦ ਆਪਣੇ ਕੰਮ ਸ਼ੁਰੂ ਕਰਨ ਵਾਸਤੇ ਬੈਂਕਾਂ (ਨਾਬਾਰਡ ) ਨਾਲ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਸੈਂਟ ਕਲਿਆਣ ਸਕੀਮ, ਓਰੀਐਂਟ ਮਹਿਲਾ ਵਿਕਾਸ ਯੋਜਨਾਵਾਂ ਆਦਿ ਅਧੀਨ ਕਰਜ਼ੇ ਆਦਿ ਦਵਾਉਣ ਲਈ ਵੀ ਯਤਨ ਕੀਤੇ ਜਾਣਗੇ।
ਇਸ ਮੌਕੇ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਕਪੂਰਥਲਾ ਸ੍ਰੀ ਐਸ.ਪੀ.ਆਂਗਰਾ ਨੇ ਸਾਇੰਸ ਸਿਟੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਖਿੱਤੇ ਔਰਤਾਂ ਆਰਥਿਕ ਤੌਰ ‘ਤੇ ਨਿਰਭਰ ਬਣਾਉਣ ਵਿਚ ਸਹਾਇਕ ਹੋਵੇਗ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵ ਨੇ ਦੱਸਿਆ ਕਿ ਇੱਥੇ ਸਥਾਪਿਤ ਵੂਮੈਨ ਤਕਨਾਲੌਜੀ ਪਾਰਕ ਵਿਚ ਪਿੰਡਾਂ ਦੀਆਂ ਔਰਤਾਂ ਨੂੰ ਹੱਥੀ ਕੰਮ ਕਰਨ ਦੀ ਸਿਖਲਾਈ ਦੇ ਨਾਲ -ਨਾਲ ਮਾਰਕੀਟਿੰਗ ਅਤੇ ਨੈਟਵਰਕਿੰਗ ਲਈ ਵੀ ਤਿਆਰ ਕੀਤਾ ਜਾਵੇਗਾ। ਇਸ ਪ੍ਰੋਜੈਕਟ ਵਿਚ ਵਿਗਿਆਨ ਤੇ ਤਕਨਾਲੌਜੀ ਰਾਹੀਂ ਮਹਿਲਾਵਾਂ ਨੂੰ ਸਸ਼ਕਤੀਕਰਨ ਕੀਤਾ ਜਾਵੇਗਾ।