ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵਿੱਚ ਅੱਜ ਵਾਤਾਵਰਨ ਪੱਖੀ ਖੇਤੀ ਬਾਰੇ ਵਿਚਾਰ ਕਰਨ ਲਈ ਤਿੰਨ ਰੋਜ਼ਾ ਵਰਚੁਅਲ ਕਾਨਫਰੰਸ ਦਾ ਆਰੰਭ ਹੋਇਆ। ਇਹ ਕਾਨਫਰੰਸ ’ਵਾਤਾਵਰਨ ਪੱਖੀ ਖੇਤੀ ਲਈ ਰਣਨੀਤੀ’ ਵਿਸ਼ੇ ‘ਤੇ ਕਰਵਾਈ ਜਾ ਰਹੀ ਹੈ ਅਤੇ ਖੇਤੀ ਮੌਸਮ ਵਿਗਿਆਨ ਅਤੇ ਜਲਵਾਯੂ ਤਬਦੀਲੀ ਵਿਭਾਗ ਵੱਲੋਂ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਦੇਸ਼ ਦੇ ਵੱਖ-ਵੱਖ ਸੰਸਥਾਨਾਂ ਤੋਂ ਵਿਦਿਆਰਥੀ ਅਤੇ ਡੈਲੀਗੇਟ ਹਿੱਸਾ ਲੈ ਰਹੇ ਹਨ।
ਉਦਘਾਟਨੀ ਸਮਾਰੋਹ ਦੇ ਪ੍ਰਧਾਨਗੀ ਭਾਸ਼ਣ ਵਿੱਚ ਤਮਿਲਨਾਡੂ ਖੇਤੀ ਯੂਨੀਵਰਸਿਟੀ ਕੋਇੰਬਤੂਰ ਦੇ ਵਾਈਸ ਚਾਂਸਲਰ ਡਾ. ਐਨ ਕੁਮਾਰ ਨੇ ਕਿਹਾ ਕਿ ਤਮਿਲਨਾਡੂ ਵਿੱਚ ਸਾਨੂੰ ਬੇਮੌਸਮੀ ਬਰਸਾਤ, ਸਖਤ ਔੜ ਅਤੇ ਵਾਵਰੋਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਬੱਦਲ ਫਟਣਾ ਇੱਕ ਹੋਰ ਖਤਰਨਾਕ ਵਰਤਾਰਾ ਹੈ। ਉਹਨਾਂ ਕਿਹਾ ਕਿ ਇਹਨਾਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਵਾਤਾਵਰਨ ਅਨੁਸਾਰੀ ਤਰੀਕੇ ਖੇਤੀ ਵਿੱਚ ਸ਼ਾਮਿਲ ਕਰਨੇ ਲਾਜ਼ਮੀ ਹਨ।
ਖੇਤੀਬਾੜੀ ਕਾਲਜ ਦੇ ਡੀਨ ਡਾ. ਕੇ ਐਸ ਥਿੰਦ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਜਲਵਾਯੂ ਤਬਦੀਲੀ ਦੇ ਲੰਮੇਰੇ ਸਮੇਂ ਦੇ ਪ੍ਰਭਾਵ ਪੌਦਿਆਂ ਪਸ਼ੂਆਂ ਅਤੇ ਮਨੁੱਖਾਂ ਉਪਰ ਦਿਸਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਪਿਛਲੇ ਸਾਲ ਮਾਰਚ ਵਿੱਚ ਕੋਵਿਡ ਮਹਾਂਮਾਰੀ ਆਪਣੇ ਭਿਆਨਕ ਰੂਪ ਵਿੱਚ ਸਾਹਮਣੇ ਆਈ। ਇਸ ਸਾਲ ਮਾਰਚ ਵਿੱਚ ਫਿਰ ਇਹੀ ਹੋ ਰਿਹਾ ਹੈ । ਇਹ ਸਭ ਪੌਣ ਪਾਣੀ ਦੀ ਤਬਦੀਲੀ ਦੇ ਵਰਤਾਰੇ ਹਨ ਜੋ ਮਨੁੱਖੀ ਹੋਂਦ ਉਪਰ ਆਪਣਾ ਅਸਰ ਛੱਡ ਰਹੇ ਹਨ। ਉਹਨਾਂ ਕਿਹਾ ਕਿ ਵਾਤਾਵਰਨ ਅਨੁਸਾਰੀ ਖੇਤੀ ਦਾ ਅਰਥ ਕਿਸਮਾਂ ਅਨੁਸਾਰੀ, ਪੋਸ਼ਣ ਅਨੁਸਾਰੀ ਅਤੇ ਪਾਣੀ ਅਨੁਸਾਰੀ ਹੋਣਾ ਚਾਹੀਦਾ ਹੈ।
ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜਯੋਤ ਕੌਰ ਨੇ ਕਿਹਾ ਕਿ ਜਲਵਾਯੂ ਤਬਦੀਲੀ ਕਾਰਨ ਭਿਆਨਕ ਪ੍ਰਭਾਵ ਦੇਖਣ ਵਿੱਚ ਮਿਲੇ ਹਨ। ਹੁਣ ਦੁਬਾਰਾ ਸੋਚਣ ਅਤੇ ਤਿਆਰੀ ਕਰਨ ਦਾ ਸਮਾਂ ਹੈ। ਉਹਨਾਂ ਨੇ ਕਾਨਫਰੰਸ ਦੀ ਰੂਪ-ਰੇਖਾ ਬਾਰੇ ਗੱਲ ਕਰਦਿਆਂ ਕਿਹਾ ਕਿ ਖੇਤੀ ਸਥਿਰਤਾ ਦੇ ਸੰਬੰਧ ਵਿੱਚ ਵਿਚਾਰ-ਚਰਚਾਵਾਂ ਤੋਂ ਇਲਾਵਾ ਫਸਲਾਂ ਅਤੇ ਜੀਵ-ਜੰਤੂਆਂ ਉਪਰ ਮੌਸਮੀ ਦਬਾਵਾਂ ਬਾਰੇ ਵਿਸਥਾਰ ਨਾਲ ਚਰਚਾ ਹੋਵੇਗੀ। ਇਸ ਸੰਬੰਧੀ ਨਵੀਨ ਤਕਨਾਲੋਜੀਆਂ ਬਾਰੇ ਗੱਲਬਾਤ ਤੋਂ ਇਲਾਵਾ ਸਪੋਰਟ ਸਿਸਟਮ ਨੂੰ ਵੀ ਵਿਸਥਾਰ ਨਾਲ ਵਿਚਾਰਿਆ ਜਾਵੇਗਾ।
ਖੇਤੀ ਮੌਸਮ ਵਿਗਿਆਨੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਿਆਸ ਪਾਂਡੇ ਨੇ ਦੱਸਿਆ ਕਿ ਇਹ ਐਸੋਸੀਏਸ਼ਨ 1999 ਵਿੱਚ ਗਠਿਤ ਹੋਈ ਸੀ ਅਤੇ ਇਸਦੇ 1800 ਜੀਵਨ ਮੈਂਬਰ ਹਨ। ਇਸ ਐਸੋਸੀਏਸ਼ਨ ਦਾ ਨਿਸ਼ਾਨਾ ਸੈਮੀਨਾਰਾਂ ਅਤੇ ਜਰਨਲ ਰਾਹੀਂ ਪੌਣਪਾਣੀ ਤਬਦੀਲੀ ਬਾਰੇ ਜਾਗਰੂਕਤਾ ਕਰਾਉਣਾ ਹੈ।
ਡਾ. ਪੀ ਕੇ ਕਿੰਗਰਾ ਨੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਧਰਤੀ ਦਾ ਤਾਪਮਾਨ ਇੱਕ ਦਰਜਾ ਸੈਂਟੀਗ੍ਰੇਡ ਦੇ ਆਸ ਪਾਸ ਵਧਿਆ ਹੈ। ਇਸ ਕਾਨਫਰੰਸ ਵਿੱਚ ਪੌਣ ਪਾਣੀ ਦੀ ਤਬਦੀਲੀ ਬਾਰੇ ਸਾਂਝੀਆਂ ਚਿੰਤਾਵਾਂ ਉਪਰ ਵਿਚਾਰ ਕਰਨ ਦਾ ਮੌਕਾ ਹੋਵੇਗਾ। ਡਾ. ਸੰਦੀਪ ਸਿੰਘ ਸੰਧੂ ਨੇ ਸਮੁੱਚੇ ਸਮਾਗਮ ਦਾ ਸੰਚਾਲਨ ਕੀਤਾ। ਧੰਨਵਾਦ ਦੇ ਸ਼ਬਦ ਡਾ. ਕੇ ਕੇ ਗਿੱਲ ਨੇ ਕਹੇ।