ਹਰੀ ਕ੍ਰਾਂਤੀ ਗੋਲਡਨ ਜੁਬਲੀ ਗੇਟ ਦਾ ਉਦਘਾਟਨ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਵੇਂ ਬਣੇ ਗੇਟ ਦਾ ਉਦਘਾਟਨ ਕੀਤਾ ਗਿਆ। ਇਸ ਸੰਬੰਧੀ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਟ੍ਰਾਇਡੇੰਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸ਼੍ਰੀ ਗੁਪਤਾ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਸੁੰਦਰਤਾ ਪ੍ਰਦਾਨ ਕਰਨ ਲਈ ਡਾ ਢਿੱਲੋਂ ਅਤੇ ਉਨ੍ਹਾਂ ਦੀ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨੀ ਬਣਦੀ ਹੈ।

ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਪਹਿਲਾਂ ਦੋ ਨੰਬਰ ਗੇਟ ਨਾਲ ਜਾਣੇ ਜਾਂਦੇ ਇਸ ਗੇਟ ਦਾ ਨਾਂ ਹਰੀ ਕ੍ਰਾਂਤੀ ਦੀਆਂ ਪ੍ਰਾਪਤੀਆਂ ਦੇ ਅਧਾਰ ਤੇ ਹਰੀ ਕ੍ਰਾਂਤੀ ਗੋਲਡਨ ਜੁਬਲੀ ਗੇਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਨੇ ਭਾਰਤ ਨੂੰ ਭੋਜਨ ਵਿਹੂਣੇ ਮੁਲਕ ਤੋਂ ਵਾਧੂ ਭੋਜਨ ਵਾਲੇ ਮੁਲਕ ਵਿਚ ਤਬਦੀਲ ਕੀਤਾ। ਹਰੀ ਕ੍ਰਾਂਤੀ ਨਾਲ ਦੇਸ਼ ਦੇ ਅੰਨ ਭੰਡਾਰ ਭਰੇ। ਇਸ ਲਈ ਹਰੀ ਕ੍ਰਾਂਤੀ ਨੂੰ ਯਾਦ ਕਰਨਾ ਆਪਣੇ ਗੌਰਵਸ਼ਾਲੀ ਇਤਿਹਾਸ ਨਾਲ ਜੁੜਨਾ ਹੈ। ਉਨ੍ਹਾਂ ਨੇ ਇਸ ਗੇਟ ਦੇ ਡਿਜ਼ਾਈਨ ਬਾਰੇ ਦੱਸਿਆ ਕਿ ਇਹ ਗੇਟ ਪੰਜਾਬੀ ਸੱਭਿਆਚਾਰ ਦੀ ਝਲਕ ਦਿੰਦਾ ਹੈ। ਡਾ ਢਿੱਲੋਂ ਨੇ ਇਸ ਗੇਟ ਦੇ ਨਿਰਮਾਣ ਲਈ ਵਿੱਤੀ ਸਹਿਯੋਗ ਕਰਨ ਲਈ ਟ੍ਰਾਈਡੈਂਟ ਗਰੁੱਪ ਅਤੇ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸ਼੍ਰੀ ਰਜਿੰਦਰ ਗੁਪਤਾ ਦੇ ਨਾਲ ਡਾ ਜੇ ਐੱਸ ਧਾਲੀਵਾਲ ਅਤੇ ਡਾ ਆਈ ਕੇ ਗਰਗ ਲਈ ਵੀ ਵਿਸ਼ੇਸ਼ ਧੰਨਵਾਦ ਦੇ ਸ਼ਬਦ ਕਹੇ।

ਇਸ ਤੋਂ ਪਹਿਲਾਂ ਪੀ ਏ ਯੂ ਦੇ ਕੰਟਰੋਲਰ ਇਮਤਿਹਾਨ ਅਤੇ ਚੀਫ਼ ਇੰਜੀਨੀਅਰ ਡਾ ਵੀ ਐੱਸ ਹਾਂਸ ਨੇ ਸਵਾਗਤ ਦੇ ਸ਼ਬਦ ਕਹੇ। ਉਨ੍ਹਾਂ ਇਸ ਗੇਟ ਦੇ ਨਿਰਮਾਣ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ।

ਅੰਤ ਵਿਚ ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਇਸ ਗੇਟ ਲਈ ਆਰਥਿਕ ਸਹਾਇਤਾ ਦੇਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਪਬਲਿਕ- ਪ੍ਰਾਈਵੇਟ ਸਾਂਝ ਦੀ ਵੀ ਮਿਸਾਲ ਹੈ। ਇਸ ਮੌਕੇ ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ ਨਵਤੇਜ ਬੈਂਸ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ ਗੁਰਿੰਦਰ ਕੌਰ ਸਾਂਘਾ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਰਵਿੰਦਰ ਕੌਰ ਧਾਲੀਵਾਲ,ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਤੋਂ ਇਲਾਵਾ ਵੱਖ ਵੱਖ ਕਾਲਜਾਂ ਦੇ ਡੀਨ ਅਤੇ ਵਿਭਾਗਾਂ ਦੇ ਮੁਖੀ ਮੌਜੂਦ ਸਨ। ਸਮੁੱਚੇ ਸਮਾਗਮ ਦੀ ਕਾਰਵਾਈ ਨੂੰ ਡਾ ਵਿਸ਼ਾਲ ਬੈਕਟਰ ਨੇ ਬਾਖੂਬੀ ਸੰਚਾਲਿਤ ਕੀਤਾ

- Advertisement -

Share this Article
Leave a comment