ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਫੌਜ ਅਤੇ ਖੁਫੀਆ ਏਜੰਸੀ ਆਈਐੱਸਆਈ ਨੇ ਅਫਗਾਨਿਸਤਾਨ ‘ਚ ਲੜ੍ਹਨ ਲਈ ਅਲਕਾਇਦਾ ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਟਰੇਨਿੰਗ ਦਿੱਤੀ ਸੀ ਤੇ ਇਸ ਲਈ ਹਮੇਸ਼ਾ ਤੋਂ ਹੀ ਉਨ੍ਹਾਂ ਨਾਲ ਸੰਬੰਧ ਬਣੇ ਰਹੇ ਹਨ।
ਵਿਦੇਸ਼ੀ ਸਬੰਧਾਂ ਦੀ ਪਰਿਸ਼ਦ ( ਸੀਐੱਫਆਰ ) ‘ਚ ਸੋਮਵਾਰ ਨੂੰ ਇੱਕ ਸਮਾਗਮ ਦੌਰਾਨ ਇਮਰਾਨ ਤੋਂ ਪੁੱਛਿਆ ਗਿਆ ਕਿ, ਕੀ ਪਾਕਿਸਤਾਨ ਵਲੋਂ ਕੋਈ ਜਾਂਚ ਕਰਵਾਈ ਗਈ ਸੀ ਕਿ ਕਿਵੇਂ ਓਸਾਮਾ ਬਿਨ ਲਾਦੇਨ ਐਬਟਾਬਾਦ ਵਿੱਚ ਰਹਿ ਰਿਹਾ ਸੀ? ਇਮਰਾਨ ਨੇ ਕਿਹਾ , ਜਿੱਥੇ ਤੱਕ ਮੈਂ ਜਾਣਦਾ ਹਾਂ ਪਾਕਿਸਤਾਨੀ ਫੌਜੀ ਮੁੱਖੀ, ਆਈਐੱਸਆਈ ਨੂੰ ਐਬਟਾਬਾਦ ਵਾਰੇ ਕੁੱਝ ਪਤਾ ਨਹੀਂ ਸੀ। ਜੇਕਰ ਕਿਸੇ ਨੂੰ ਪਤਾ ਵੀ ਹੋਵੇਗਾ ਤਾਂ ਉਹ ਹੇਂਠਲੇ ਪੱਧਰ ਵਿੱਚ ਹੋਵੇਗਾ। ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਬਿਆਨ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨੀ ਫੌਜ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਲਾਦੇਨ ਐਬਟਾਬਾਦ ਵਿੱਚ ਰਹਿ ਰਿਹਾ ਸੀ।
ਇਮਰਾਨ ਖਾਨ ਨੇ ਕਿਹਾ, ਪਾਕਿਸਤਾਨੀ ਫੌਜ, ਆਈਐੱਸਆਈ ਨੇ ਅਲਕਾਇਦਾ ਤੇ ਇਨ੍ਹਾਂ ਸਭ ਸਮੂਹਾਂ ਨੂੰ ਅਫਗਾਨਿਸਤਾਨ ‘ਚ ਲੜ੍ਹਨ ਲਈ ਟਰੇਨ ਕੀਤਾ, ਉਨ੍ਹਾਂ ਦੇ ਸਬੰਧ ਹਮੇਸ਼ਾ ਤੋਂ ਸਨ, ਇਹ ਸਬੰਧ ਹੋਣੇ ਹੀ ਸਨ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਨੂੰ ਟਰੇਨਿੰਗ ਦਿੱਤੀ ਸੀ। ਉਨ੍ਹਾਂ ਨੇ ਕਿਹਾ, ਜਦੋਂ ਅਸੀਂ ਇਨ੍ਹਾਂ ਸਮੂਹਾਂ ਤੋਂ ਮੂੰਹ ਮੋੜਿਆ ਤਾਂ ਸਾਡੇ ਨਾਲ ਸਭ ਸਹਿਮਤ ਨਹੀਂ ਹੋਏ ਤੇ ਫੌਜ ਦੇ ਅੰਦਰ ਵੀ ਲੋਕ ਸਾਡੇ ਤੋਂ ਸਹਿਮਤ ਨਹੀਂ ਸਨ ਇਸ ਲਈ ਪਾਕਿਸਤਾਨ ਦੇ ਅੰਦਰ ਹਮਲੇ ਹੋਏ।
ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਜੇਮਸ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਨੂੰ ਸਭ ਤੋਂ ਖਤਰਨਾਕ ਦੇਸ਼ ਮੰਨਦੇ ਹਨ, ਜਿਸ ਸਬੰਧੀ ਪੁੱਛੇ ਗਏ ਸਵਾਲ ‘ਤੇ ਇਮਰਾਨ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਜੇਮਸ ਮੇਟਿਸ ਇਹ ਪੂਰੀ ਤਰ੍ਹਾਂ ਸੱਮਝਦੇ ਹਨ ਕਿ ਪਾਕਿਸਤਾਨ ਕਿਉਂ ਕੱਟਰਪੰਥੀ ਹੋ ਗਿਆ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ 9/11 ਤੋਂ ਬਾਅਦ ਅੱਤਵਾਦ ਖਿਲਾਫ ਅਮਰੀਕਾ ਦੀ ਲੜਾਈ ‘ਚ ਸ਼ਾਮਿਲ ਹੋ ਕੇ ਸਭ ਤੋਂ ਵੱਡੀ ਗਲਤੀ ਕੀਤੀ।
ਇਮਰਾਨ ਨੇ ਕਿਹਾ, 9/11 ਤੋਂ ਬਾਅਦ ਅੱਤਵਾਦ ਖਿਲਾਫ ਅਮਰੀਕਾ ਦੇ ਯੁੱਧ ‘ਚ ਸ਼ਾਮਲ ਹੋਣਾ ਪਾਕਿਸਤਾਨ ਦੀ ਸਭ ਤੋਂ ਵੱਡੀ ਭੁੱਲ ਸੀ ਇਸ ਵਿੱਚ 70,000 ਪਾਕਿਸਤਾਨੀ ਮਾਰੇ ਗਏ ਸਨ। ਕੁੱਝ ਅਰਥਸ਼ਾਸਤਰੀ ਕਹਿੰਦੇ ਹਨ ਸਾਡੀ ਮਾਲੀ ਹਾਲਤ ਨੂੰ ਇਸ ਤੋਂ 150 ਅਰਬ ਤਾਂ ਕੁੱਝ ਦਾ ਕਹਿਣਾ ਹੈ ਕਿ ਸਾਨੂੰ ਇਸਤੋਂ 200 ਅਰਬ ਦੀ ਨੁਕਸਾਨ ਹੋਇਆ। ਇਸ ਦੇ ਬਾਵਜੂਦ ਅਫਗਾਨਿਸਤਾਨ ‘ਚ ਅਮਰੀਕਾ ਦੇ ਜਿੱਤ ਹਾਸਲ ਨਾ ਕਰਨ ‘ਤੇ ਸਾਨੂੰ ਜ਼ਿੰਮੇਦਾਰ ਠਹਿਰਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ 1980 ਵਿੱਚ ਸੋਵੀਅਤ ਨਾਲ ਯੁੱਧ ਕਰਨ ਲਈ ਜਿਨ੍ਹਾਂ ਸਮੂਹਾਂ ਨੂੰ ਟਰੇਨ ਕੀਤਾ ਗਿਆ ਸੀ ਉਨ੍ਹਾਂ ਨੂੰ ਬਾਅਦ ਵਿੱਚ ਅਮਰੀਕਾ ਨੇ ਅੱਤਵਾਦੀ ਘੋਸ਼ਿਤ ਕਰ ਦਿੱਤਾ। ਇਮਰਾਨ ਨੇ ਕਿਹਾ, ਉਨ੍ਹਾਂ ਨੂੰ ਦੱਸਿਆ ਗਿਆ ਕਿ ਵਿਦੇਸ਼ੀ ਤਾਕਤਾਂ ਨਾਲ ਲੜਨਾ ਧਾਰਮਿਕ ਲੜਾਈ ਹੈ ਪਰ ਹੁਣ ਜਦੋਂ ਅਮਰੀਕਾ ਅਫਗਾਨਿਸਤਾਨ ਵਿੱਚ ਆ ਗਿਆ ਹੈ ਤਾਂ ਉਨ੍ਹਾਂ ਨੂੰ ਅੱਤਵਾਦੀ ਠਹਿਰਾ ਦਿੱਤਾ ਗਿਆ।