Home / ਜੀਵਨ ਢੰਗ / ਬੀਐੱਸਐੱਫ਼ ਜਵਾਨਾਂ ਲਈ ਇਮਿਊਨਿਟੀ ਬੂਸਟਰ ਕਿੱਟਾਂ ਤਿਆਰ

ਬੀਐੱਸਐੱਫ਼ ਜਵਾਨਾਂ ਲਈ ਇਮਿਊਨਿਟੀ ਬੂਸਟਰ ਕਿੱਟਾਂ ਤਿਆਰ

ਚੰਡੀਗੜ੍ਹ (ਅਵਤਾਰ ਸਿੰਘ ): ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਉੱਤੇ ਤੈਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੇ ਜਵਾਨਾਂ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਦੇ ਜਤਨ ਵਜੋਂ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਜਲੰਧਰ ਸਥਿਤ ‘ਫ਼ੀਲਡ ਆਊਟਰੀਚ ਬਿਊਰੋ’ (ਐੱਫ਼ਓਬੀ) ਨੇ ਪੰਜਾਬ ਦੇ ਆਯੁਰਵੇਦ ਵਿਭਾਗ ਰਾਹੀਂ ਬੀਐੱਸਐੱਫ਼ ਨੂੰ 1,000 ਆਯੁਰਵੇਦਿਕ ਇਮਿਊਨਿਟੀ ਬੂਸਟਰ ਕਿੱਟਾਂ ਦਿੱਤੀਆਂ ਹਨ।

ਦੇਸ਼ ਵਿੱਚ ਕੋਵਿਡ-19 ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਕੁਦਰਤੀ ਇਮਿਊਨਿਟੀ ਬੂਸਟਰਜ਼ ਮੁਹੱਈਆ ਕਰਵਾਉਣ ਦਾ ਵਿਚਾਰ ਖ਼ਾਸ ਤੌਰ ’ਤੇ ਐੱਫ਼ਓਬੀ ਦਾ ਸੀ। ਬੀਐੱਸਐੱਫ਼ ਦੇ ਜਵਾਨ ਕਿਉਂਕਿ ਰੱਖਿਆ ਦੀ ਪਹਿਲੀ ਕਤਾਰ ਵਜੋਂ ਤੈਨਾਤ ਹਨ ਤੇ ਉਨ੍ਹਾਂ ਨੂੰ 24 ਘੰਟੇ ਪੰਜਾਬ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ ਉੱਤੇ ਸਖ਼ਤ ਸੁਰੱਖਿਆ ਚੌਕਸੀ ਰੱਖਣੀ ਪੈਂਦੀ ਹੈ, ਅਜਿਹੇ ਹਾਲਾਤ ਵਿੱਚ ਜੜ੍ਹੀਆਂ-ਬੂਟੀਆਂ ਨਾਲ ਬਣੇ ਇਹ ਬੂਸਟਰ ਉਨ੍ਹਾਂ ਦੇ ਸਰੀਰ ਅੰਦਰਲੀ ਕੁਦਰਤੀ ਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਦੇਣਗੇ ਤੇ ਇੰਝ ਇਹ ਉਨ੍ਹਾਂ ਦੀ ਸਿਹਤ ਨੂੰ ਵਧੀਆ ਪੱਧਰ ’ਤੇ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਫ਼ੀਲਡ ਪਬਲਿਸਿਟੀ ਅਫ਼ਸਰ, ਰਾਜੇਸ਼ ਬਾਲੀ ਨੇ ਬੀਐੱਸਐੱਫ਼ ਕੈਂਪਸ ਵਿੱਚ ਜਲੰਧਰ ਜ਼ਿਲ੍ਹੇ ਦੇ ਆਯੁਰਵੇਦਿਕ ਅਫ਼ਸਰ ਡਾ. ਜੋਗਿੰਦਰ ਪਾਲ ਨਾਲ ਮਹੀਪਾਲ ਯਾਦਵ, ਆਈਪੀਐੱਸ, ਇੰਸਪੈਕਟਰ ਜਨਰਲ, ਬੀਐੱਸਐੱਫ਼, ਪੰਜਾਬ ਫ਼ਰੰਟੀਅਰ ਨੂੰ ਇੱਕ ਹਜ਼ਾਰ ਇਮਿਊਨਿਟੀ ਬੂਸਟਰ ਕਿੱਟਾਂ ਭੇਟ ਕੀਤੀਆਂ।

ਪੰਜਾਬ ਦੇ ਆਯੁਰਵੇਦ ਵਿਭਾਗ ਦੇ ਡਾਇਰੈਕਟਰ, ਡਾ. ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਬੀਐੱਸਐੱਫ਼ ਨੂੰ ਸੇਵਾਵਾਂ ਦੇਣਾ ਉਨ੍ਹਾਂ ਦੇ ਵਿਭਾਗ ਲਈ ਮਾਣਮੱਤਾ ਛਿਣ ਹੈ, ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਸਦਕਾ ਹੀ ਅਸੀਂ ਸ਼ਾਂਤੀਪੂਰਬਕ ਰਹਿ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਇਮਿਊਨਿਟੀ ਬੂਸਟਰ ਸਰਹੱਦਾਂ ਉੱਤੇ ਕੰਮ ਕਰਨ ਵਾਲੇ ਜਵਾਨਾਂ ਤੇ ਹੋਰ ਕਰਮਚਾਰੀਆਂ ਲਈ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਹੈ ਅਤੇ ਇਹ ਕਾੜ੍ਹੇ ਦੇ ਰੂਪ ਵਿੱਚ ਹੈ। ਇਸ ਨੂੰ ਤੁਲਸੀ, ਦਾਲਚੀਨੀ, ਕਾਲੀ-ਮਿਰਚ ਅਤੇ ਸੌਂਠ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਉਬਲਦੇ ਪਾਣੀ ਜਾਂ ਚਾਹ ਵਿੱਚ ਪਾ ਕੇ ਇੱਕ ਦਿਨ ਵਿੱਚ ਇੱਕ ਜਾਂ ਦੋ ਵਾਰ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਨਿਯਮਿਤ ਵਕਫ਼ਿਆਂ ’ਤੇ ਅਜਿਹੀਆਂ ਹੋਰ ਕਿੱਟਾਂ ਵੀ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਇਆ। ਸ਼੍ਰੀ ਮਹੀਪਾਲ ਯਾਦਵ, ਆਈਪੀਐੱਸ, ਆਈਜੀ ਬੀਐੱਸਐੱਫ਼ ਪੰਜਾਬ ਨੇ ਹਰਬਲ ਕਿੱਟਾਂ ਮੁਹੱਈਆ ਕਰਵਾਉਣ ਲਈ ਆਯੁਰਵੇਦ ਵਿਭਾਗ ਅਤੇ ਫ਼ੀਲਡ ਆਊਟਰੀਚ ਬਿਊਰੋ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪਹਿਲਾਂ ਵੀ, ਮੰਤਰਾਲੇ ਦੇ ਚੰਡੀਗੜ੍ਹ ਸਥਿਤ ਰੀਜਨਲ ਆਊਟਰੀਚ ਬਿਊਰੋ ਨੇ ਪੰਜਾਬ ਵਿੱਚ ਪਾਕਿਸਤਾਨ ਨਾਲ ਲਗਦੀ 553 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਕਰਨ ਵਾਲੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਲਈ ਸੱਭਿਆਚਾਰਕ ਸ਼ਾਮਾਂ ਦਾ ਆਯੋਜਨ ਕੀਤਾ ਸੀ। ਐੱਫ਼ਓਬੀ ਅਤੇ ਬੀਐੱਸਐੱਫ਼ ਵੱਲੋਂ ਪਹਿਲਾਂ ਸਰਹੱਦ ਉੱਤੇ ਵੱਸਦੇ ਨਾਗਰਿਕਾਂ ਲਈ ਸਾਂਝੇ ਤੌਰ ’ਤੇ ਮੈਡੀਕਲ ਕੈਂਪ ਅਤੇ ਜਾਗਰੂਕਤਾ ਮੁਹਿੰਮਾਂ ਆਯੋਜਿਤ ਕੀਤੀਆਂ ਗਈਆਂ ਸਨ।

Check Also

ਸੁਰੱਖਿਆ ਖੁੱਸਣ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਕੈਪਟਨ ਤੇ ਅਟੈਕ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤੂੰ-ਤੂੰ …

Leave a Reply

Your email address will not be published. Required fields are marked *