ਨਵੀਂ ਦਿੱਲੀ: ਉੱਤਰ ਤੋਂ ਆ ਰਹੀਆਂ ਬਰਫੀਲੀ ਹਵਾਵਾਂ ਦਾ ਅਸਰ ਮੈਦਾਨੀ ਇਲਾਕਿਆਂ ਤੇ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਸਾਰਾ ਉੱਤਰੀ ਹਿੱਸਾ ਕੜਾਕੇ ਦੀ ਠੰਢ ਦੀ ਲਪੇਟ ‘ਚ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ‘ਚ ਮੀਂਹ ਪੈਣ ਦੇ ਆਸਾਰ ਹਨ। ਉੱਥੇ ਹੀ ਇਨ੍ਹਾਂ ਸੂਬਿਆਂ ‘ਚ ਅਗਲੇ ਦੋ ਦਿਨਾਂ ਤੱਕ ਪਾਰਾ 5 ਡਿਗਰੀ ਤੱਕ ਡਿੱਗ ਸਕਦਾ ਹੈ।
ਉੱਥੇ ਹੀ ਰਾਜਧਾਨੀ ਦਿੱਲੀ ਵਿੱਚ ਜਨਵਰੀ ਮਹੀਨੇ 122 ਸਾਲ ਬਾਅਦ ਸਭ ਤੋਂ ਜ਼ਿਆਦਾ ਮੀਂਹ ਪਿਆ। ਐਤਵਾਰ ਨੂੰ ਦਿੱਲੀ ਵਿਚ 88.3 ਮਿਮੀ ਮੀਂਹ ਦਰਜ ਕੀਤਾ ਗਿਆ। ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਤਿੰਨ ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ 26 ਜਨਵਰੀ ਤੋਂ ਬਾਅਦ ਸ਼ੀਤ ਲਹਿਰ ਦਾ ਅਸਰ ਹੋਰ ਤੇਜ਼ ਹੋਵੇਗਾ।
ਇਸ ਤੋਂ ਇਲਾਵਾ ਠੰਢ ਤੇ ਧੁੰਦ ਕਾਰਨ ਰੇਲਵੇ ਨੇ 28 ਜਨਵਰੀ ਤੱਕ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਅਤੇ ਪੰਜਾਬ ਜਾਣ ਵਾਲੀਆਂ 481 ਟਰੇਨਾਂ ਨੂੰ ਕੈਂਸਲ ਕਰ ਦਿੱਤਾ ਹੈ।
ਸ਼ਿਮਲਾ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਦੇ ਉੱਚੇ ਖੇਤਰਾਂ ਵਿੱਚ ਮੰਗਲਵਾਰ ਦੁਪਹਿਰ ਤਾਜ਼ਾ ਬਰਫਬਾਰੀ ਹੋਈ। ਇਸ ਤੋਂ ਪਹਿਲਾਂ ਸਵੇਰ ਵੇਲੇ ਕੁਝ ਕੁ ਸਮੇਂ ਲਈ ਪੰਜ ਦਿਨਾਂ ਬਾਅਦ ਧੁੱਪ ਨਿਕਲੀ, ਪਰ ਦੁਪਹਿਰ ਤੋਂ ਬਾਅਦ ਮੌਸਮ ਖ਼ਰਾਬ ਹੋਇਆ ਤੇ ਬਰਫਬਾਰੀ ਸ਼ੁਰੂ ਹੋ ਗਈ। ਬਰਫਬਾਰੀ ਕਾਰਨ ਇੱਥੇ 500 ਤੋਂ ਜ਼ਿਆਦਾ ਸੜਕਾਂ ਤੇ 600 ਤੋਂ ਜ਼ਿਆਦਾ ਟਰਾਂਸਫਾਰਮਰ ਬੰਦ ਪਏ ਹਨ। ਜਿਸ ਕਾਰਨ ਸੈਂਕੜੇ ਪਿੰਡਾਂ ਦੀ ਬੱਤੀ ਗੁੱਲ ਹੈ।