ਨਵੀਂ ਦਿੱਲੀ : ਵਿਵਾਦਤ ਬਿਆਨ ਦੇਣ ਅਤੇ ਫਿਰ ਉਸ ਨੂੰ ਵਾਪਸ ਲੈਣ ਤੋਂ ਬਾਅਦ ਬਾਬਾ ਰਾਮਦੇਵ ਵੱਲੋਂ ਪੁੱਛੇ ਗਏ ਪੱਚੀ ਸਵਾਲ ਹੁਣ ਉਨ੍ਹਾਂ ਨੂੰ ਮਹਿੰਗੇ ਪੈਂਦੇ ਨਜ਼ਰ ਆ ਰਹੇ ਹਨ। ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦਾ ਯੋਗਾ ਗੁਰੂ ਰਾਮਦੇਵ ਖਿਲਾਫ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਆਈਐਮਏ ਨੇ ਵੀਰਵਾਰ ਨੂੰ ਦਿੱਲੀ ਦੇ ਆਈਪੀ ਅਸਟੇਟ ਥਾਣੇ ਵਿਚ ਯੋਗਗੁਰੂ ਵਿਰੁੱਧ ਸ਼ਿਕਾਇਤ ਦਿੱਤੀ ਹੈ। ਇਸਨੇ ਮਹਾਮਾਰੀ ਐਕਟ, ਆਪਦਾ ਕਾਨੂੰਨ ਅਤੇ ਦੇਸ਼ਧ੍ਰੋਹ ਸਮੇਤ ਹੋਰ ਧਾਰਾਵਾਂ ਤਹਿਤ ਰਾਮਦੇਵ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਸ਼ਿਕਾਇਤ ਦਾ ਕਾਰਨ ਰਾਮਦੇਵ ਦਾ ਉਹ ਬਿਆਨ ਹੈ ਜਿਸ ਵਿਚ ਉਨ੍ਹਾਂ ਐਲੋਪੈਥੀ ਨੂੰ ਕੂੜਾ ਕਰਕਟ ਅਤੇ ਦਿਵਾਲੀਆ ਵਿਗਿਆਨ ਕਿਹਾ ਹੈ। ਇਸ ਬਿਆਨ ਨੂੰ ਲੈ ਕੇ IMA ਗੁੱਸੇ ਵਿੱਚ ਹੈ।
ਆਈਐਮਏ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਰਾਮਦੇਵ ਅਤੇ ਉਨ੍ਹਾਂ ਦੇ ਸਾਥੀਆਂ ਦੇ ਮਨੋਰਥ ਗਲਤ ਸਨ। ਉਨ੍ਹਾਂ ਦਾ ਇਹ ਬਿਆਨ ਦੇਸ਼ ਹਿੱਤ ਦੇ ਵਿਰੁੱਧ ਸੀ। ਇਸ ਨਾਲ ਗਰੀਬ ਲੋਕਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸ ਲਈ ਉਨ੍ਹਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।
ਆਈਐਮਏ ਨੇ ਬਾਬਾ ਰਾਮਦੇਵ ਵਿਰੁੱਧ ਅਜਿਹੀ ਹੀ ਸ਼ਿਕਾਇਤ ਛੱਤੀਸਗੜ ਦੀ ਰਾਜਧਾਨੀ ਰਾਏਪੁਰ ਦੇ ਸਿਵਲ ਲਾਈਨਜ਼ ਥਾਣੇ ਵਿਚ ਵੀ ਦਰਜ ਕਰਵਾਈ ਹੈ। ਆਈ.ਐੱਮ.ਏ. ਦੇ ਜ਼ਿਲ੍ਹਾ ਪ੍ਰਧਾਨ ਡਾ. ਵਿਕਾਸ ਅਗਰਵਾਲ, ਸਕੱਤਰ ਡਾ. ਆਸ਼ਾ ਜੈਨ ਅਤੇ ਡਾ. ਅਨਿਲ ਜੈਨ ਵਲੋਂ ਕੀਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਾਬਾ ਰਾਮਦੇਵ ਦੇਸ਼ ਦੇ ਅਨੇਕਾਂ ਡਾਕਟਰਾਂ ਅਤੇ ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ (ICMR) ਵਲੋਂ ਮਨਜ਼ੂਰ ਕੀਤੀਆਂ ਕੋਰੋਨਾ ਦੀਆਂ ਦਵਾਈਆਂ ਖਿਲਾਫ ਪ੍ਰਚਾਰ ਕਰ ਰਹੇ ਹਨ।