ਚੰਡੀਗੜ੍ਹ : ਇੱਕ ਪਾਸੇ ਤਾਂ ਸਰਕਾਰ ਆਪਣੇ ਕਾਲਜ ਬੰਦ ਕਰਨ ਵੱਲ ਤੁਰ ਰਹੀ ਹੈ ਦੂਸਰੇ ਪਾਸੇ ਵਧੀਆ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨੂੰ ਭ੍ਰਿਸ਼ਟ ਫਿਰਕੂ ਅਫਸਰਸ਼ਾਹੀ ਤਬਾਹ ਕਰ ਰਹੀ ਹੈ। ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਉਦੇਸ਼ਾਂ ਦੀ ਤਰਜਮਾਨੀ ਕਰਦਾ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਉਪਰ ਆਰ.ਐਸ.ਐਸ. ਦੀ ਸ਼ਹਿ ਪ੍ਰਾਪਤ ਅਫਸਰਸ਼ਾਹੀ ਨੇ ਕਬਜਾ ਕਰਨ ਦੀ ਨੀਅਤ ਨਾਲ ਸੁੱਚਜੇ ਢੰਗ ਨਾਲ ਚਲ ਰਹੀ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਦਾ ਪੱਖ ਸੁਣੇ ਤੋਂ ਬਗੈਰ ਹੀ ਮੁਅੱਤਲ ਕਰਕੇ ਰਾਜੇਸ਼ ਤ੍ਰਿਪਾਠੀ ਏ.ਡੀ.ਸੀ. ਸੰਗਰੂਰ ਨੂੰ ਪ੍ਰਬੰਧਕ ਲਗਾ ਦਿੱਤਾ ਹੈ। ਇਸ ਬਾਰੇ ਪੰਜਾਬੀਆ ਅਤੇ ਸਿੱਖ ਹਲਕਿਆਂ ਵਿੱਚ ਬਹੁਤ ਹੀ ਰੋਸ ਫੈਲ ਰਿਹਾ ਹੈ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਡੀ.ਪੀ.ਆਈ. ਕਾਲਜਾਂ ਇੰਦੂ ਮਲਹੋਤਰਾ ਦੀ ਇਸ ਕਾਰਵਾਈ ਦਾ ਗੰਭੀਰ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਇਹ ਉਹੀ ਅਧਿਕਾਰੀ ਹੈ ਜਿਸਨੇ ਸੰਗਰੂਰ ਵਿਖੇ ਐਸ.ਡੀ.ਐਮ. ਹੁੰਦੇ ਹੋਏ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਕੋਠੀ ਤੇ ਨਾਜ਼ਾਇਜ਼ ਕਬਜ਼ਾ ਕਰ ਲਿਆ ਸੀ। ਇਸ ਕੋਠੀ ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਸੰਗਰੂਰ ਦੇ ਸ਼ਹਿਰੀਆਂ ਨੇ ਸੰਘਰਸ਼ ਕਰਕੇ ਇਸ ਤੋਂ ਖਾਲੀ ਕਰਾਇਆ ਸੀ। ਪਰ ਇਸ ਵਾਰ ਤਾਂ ਇਸ ਅਧਿਕਾਰੀ ਨੇ ਰਾਜਸੀ ਮਾਫੀਆ ਤੇ ਪੁਲਿਸ ਤੰਤਰ ਦੇ ਨਾਲ ਰਲਕੇ ਇਸ ਇਲਾਕੇ ਦੀ ਪ੍ਰਸਿੱਧ ਸੰਸਥਾ ਜਿਥੋਂ ਦੀਆਂ ਵਿਦਿਆਰਥਣਾਂ ਨੇ ਜੀਵਨ ਵਿੱਚ ਬਹੁਤ ਤਰੱਕੀਆਂ ਕੀਤੀਆਂ ਹਨ, ਤੇ ਹੀ ਕਬਜ਼ਾ ਕਰ ਲਿਆ ਹੈ।
ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਭ ਤੋਂ ਖਤਰਨਾਕ ਪਹਿਲੂ ਇਹ ਹੈ ਕਿ ਸੰਤ ਅਤਰ ਸਿੰਘ ਜੀ ਮਸਤੂਆਣਾ ਨੇ ਬਨਾਰਸ ਹਿੰਦੂ ਵਿਸ਼ਵ ਵਿਦਿਆਲੇ ਦੀ ਨੀਂਹ ਰੱਖੀ ਸੀ ਅੱਜ ਅਜਿਹੇ ਲੋਕ ਉਨ੍ਹਾਂ ਦੇ ਆਪਣੇ ਇਲਾਕੇ ਸੰਗਰੂਰ ਵਿੱਚੋਂ ਹੀ ਉਨ੍ਹਾਂ ਦਾ ਨਾਮ ਨਿਸ਼ਾਨ ਮਿਟਾਉਣ ਤੇ ਉਤਾਰੂ ਹੋ ਚੁੱਕੇ ਹਨ। ਪੀਰ ਮੁਹੰਮਦ ਅਤੇ ਚੀਮਾ ਦਾ ਕਹਿਣਾ ਹੈ ਕਿ ਜਿੰਨਾ ਲੋਕਾ ਨੇ ਪੂਰੀ ਜਿੰਦਗੀ ਅਕਾਲ ਡਿਗਰੀ ਕਾਲਜ ਦੇ ਲੇਖੇ ਲਗਾਈ ਅਤੇ ਪੂੰਜੀ ਲਾਉਣ ਵਾਲੀਆਂ ਦੋ ਸਿੱਖ ਬਜ਼ੁਰਗ ਅਧਿਆਪਕਾਵਾਂ ਪ੍ਰਿੰ. ਸਿਵਰਾਜ ਕੌਰ ਅਤੇ ਕਾਲਜ ਦੀ ਡਾਇਰੈਕਟਰ ਡਾ. ਹਰਜੀਤ ਕੌਰ ਨੂੰ ਉਨ੍ਹਾਂ ਦੀ ਕਾਲਜ ਵਿਚਲੀ ਰਿਹਾਇਸ਼ ਵਿੱਚ ਨਜ਼ਰਬੰਦ ਹੋਣ ਤੇ ਮਜਬੂਰ ਕਰ ਦਿੱਤਾ, ਕਿਉਂਕਿ ਕਾਲਜ ਦੇ ਪ੍ਰਬੰਧਕ ਵੱਲੋਂ ਕਾਲਜ ਮੈਨੇਜਮੈਂਟ ਦੇ ਕਾਲਜ ਕੰਪਾਊਂਡ ਵਿੱਚ ਦਾਖਲੇ ਤੇ ਪਾਬੰਦੀ ਲਾਈ ਹੋਈ ਹੈ।
ਇਨ੍ਹਾਂ ਬੀਬੀਆਂ ਦੀ ਹੋਰ ਕੋਈ ਵੀ ਆਪਣੀ ਰਿਹਾਇਸ਼ ਨਹੀਂ ਹੈ, ਅਤੇ ਕਾਲਜ ਦੀ ਇੱਕ ਇੱਕ ਇੱਟ ਤੇ ਇੰਨ੍ਹਾਂ ਦਾ ਖੂਨ ਪਸੀਨਾ ਡੁੱਲਿ੍ਹਆ ਹੋਇਆ ਹੈ। ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਇਹ ਕਾਲਜ 1970 ਵਿੱਚ ਸਥਾਪਤ ਹੋਇਆ ਸੀ। ਜਿਸ ਵਿੱਚ ਗੁਰਦੁਆਰਾ ਸਾਹਿਬ ਵੀ ਸਥਿਤ ਹੈ ਅਤੇ ਵਿਦਿਆਰਥਣਾਂ ਨੂੰ ਗੁਰਮਰਿਆਦਾ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਸਿੱਖਾਂ ਦੀ ਸੱਚੀ ਸੁੱਚੀ ਕਿਰਤ ਨਾਲ ਸਥਾਪਿਤ ਹੋਈ ਅਜਿਹੀ ਸੰਸਥਾਂ ਨੂੰ ਕਿਸੇ ਤਰ੍ਹਾਂ ਵੀ ਸਰਕਾਰ ਜਾਂ ਕਿਸੇ ਹੋਰ ਸ਼ਕਤੀ ਦੇ ਹੱਥਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਪੀਰਮੁਹੰਮਦ ਨੇ ਕਿਹਾ ਕਿ ਇਸ ਸਬੰਧੀ ਪੂਰੀ ਜਾਚ ਵੀ ਕੀਤੀ ਜਾ ਰਹੀ ਹੈ ਤੇ ਰਿਪੋਰਟ ਤਿਆਰ ਕਰਕੇ ਇਸ ਸਬੰਧੀ ਫੈਡਰੇਸ਼ਨ ਪੰਜਾਬ ਵਿੱਚ ਤਿੱਖਾ ਸੰਘਰਸ਼ ਛੇੜੇਗੀ।