ਫ਼ਾਜ਼ਿਲਕਾ: ਪੰਜਾਬ ‘ਚ 14 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹਨ। ਇਸ ਦੌਰਾਨ ਬੀਜੇਪੀ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਘਿਰਾਓ ਲਗਾਤਾਰ ਜਾਰੀ ਹੈ। ਜਿਸ ਦੇ ਉੱਪਰ ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਸਰਕਾਰ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੁਲੀਸ ਦੀ ਸ਼ਹਿ ‘ਤੇ ਕਿਸਾਨ ਸਾਡੇ ਉਮੀਦਵਾਰਾਂ ‘ਤੇ ਹਮਲਾ ਕਰ ਰਹੇ ਹਨ। ਇਸ ਤੋਂ ਇਲਾਵਾ ਜੈਨੀ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਚੋਣਾਂ ਵਿਚ ਧੱਕੇਸ਼ਾਹੀ ‘ਤੇ ਉਤਰ ਆਈ ਹੈ।
ਸੁਰਜੀਤ ਕੁਮਾਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਬੀਜੇਪੀ ਪ੍ਰਧਾਨ ਰਾਕੇਸ਼ ਧੂੜਿਆ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਨਗਰ ਨਿਗਮ ਚੋਣਾਂ ਵਿਚ ਕਾਂਗਰਸ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ, ਕਿ ਜੇਕਰ ਚੋਣਾਂ ਵਾਲੇ ਦਿਨ ਜਾਂ ਪਹਿਲਾਂ ਕਾਂਗਰਸ ਪਾਰਟੀ ਝਗੜਾ ਕਰੇਗੀ ਤਾਂ ਇਸ ਦਾ ਅਸੀਂ ਬਰਾਬਰ ਜਵਾਬ ਦੇਵਾਂਗੇ। ਇਸ ਲਈ ਝਗੜੇ ਵਿੱਚ ਹੋਏ ਨੁਕਸਾਨ ਦਾ ਜ਼ਿੰਮੇਵਾਰ ਉਹ ਖ਼ੁਦ ਹੋਵੇਗਾ। ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧਿਤ ਕਿਉਂ ਨਾ ਹੋਵੇ ਅਸੀਂ ਹਿੰਸਾ ਕਰਨ ਵਾਲੇ ਖ਼ਿਲਾਫ਼ ਕਾਰਵਾਈ ਕਰਾਂਗੇ। ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਾਡੇ ਉਮੀਦਵਾਰਾਂ ਦੇ ਖ਼ਿਲਾਫ਼ ਉਕਸਾਇਆ ਹੈ ਅਤੇ ਕੁਝ ਲਾਲਚ ਦੇ ਕੇ ਇਨ੍ਹਾਂ ਨੂੰ ਸਾਡੇ ਉਮੀਦਵਾਰਾਂ ਦੇ ਘਰਾਂ ਬਾਹਰ ਪ੍ਰਦਰਸ਼ਨ ਕਰਨ ਨੂੰ ਤਿਆਰ ਕੀਤਾ ਹੈ।