ਵਾਸ਼ਿੰਗਟਨ : ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਇੱਕ ਦੂਜੇ ‘ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ। ਇਸ ਦੌਰਾਨ ਹੁਣ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ‘ਤੇ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਕਿਹਾ ਹੈ ਕਿ ਬਿਡੇਨ ਪਰਿਵਾਰ ਸਿੱਧੇ ਚੀਨੀ ਫੌਜ ਨੂੰ ਸਾਡਾ ਦੇਸ਼ ਵੇਚ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਡੇਨ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹਨ ਤਾਂ ਚੀਨ ਹੀ ਅਮਰੀਕਾ ਦਾ ਮਾਲਕ ਹੋਵੇਗਾ।
ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਚੀਨ ਦੇ ਮਾਮਲੇ ਵਿਚ ਬਿਡੇਨ ਕਮਜ਼ੋਰ ਹਨ। ਕੱਲ ਇਸ ਗੱਲ ਦਾ ਪਤਾ ਲੱਗਾ ਕਿ ਇਕ ਵੱਡੇ ਚੀਨੀ ਫ਼ੌਜੀ ਰੱਖਿਆ ਠੇਕੇਦਾਰ ਨੂੰ ਮਿਸ਼ੀਗਨ ਦੀ ਆਟੋ ਪਾਰਟਸ ਨਿਰਮਾਤਾ ਕੰਪਨੀ ਦੀ ਵਿਕਰੀ ਸੰਭਵ ਬਣਾਉਣ ਵਿਚ ਇਕ ਅਮਰੀਕੀ ਕੰਪਨੀ ਦਾ ਹੱਥ ਸੀ। ਇਹ ਉਹੀ ਕੰਪਨੀ ਹੈ ਜਿਸ ਦਾ ਅੰਸ਼ਿਕ ਮਾਲਕਾਨਾ ਹੱਕ ਬਿਡੇਨ ਦੇ ਪੁੱਤਰ ਹੰਟਰ ਦੇ ਕੋਲ ਹੈ। ਹੰਟਰ ਬਿਡੇਨ ਕੋਲ ਸ਼ੰਘਾਈ ਦੀ ਨਿੱਜੀ ਇਕਵਿਟੀ ਫਰਮ ਬੋਹਾਈ ਹਾਰਵੈਸਟ ਆਰਐਸਟੀ ਦੀ 10 ਫ਼ੀਸਦੀ ਹਿੱਸੇਦਾਰੀ ਹੈ। ਹੁਣ ਅਚਾਨਕ ਉਹ ਚੀਨ ਨੂੰ ਮਿਸ਼ੀਗਨ ਦੀਆਂ ਕੰਪਨੀਆਂ ਵੇਚ ਰਹੇ ਹਨ।
ਇਸ ਦੇ ਨਾਲ ਹੀ ਟਰੰਪ ਨੇ ਦੋਸ਼ ਲਗਾਇਆ ਕਿ ਜੋਅ ਬਿਡੇਨ ਵੱਲੋਂ ਕੋਰੋਨਾ ਦੀ ਵੈਕਸੀਨ ਲਿਆਉਣ ਦੇ ਰਾਹ ‘ਚ ਰੁਕਾਵਟ ਖੜ੍ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਡੇਨ ਆਪਣੇ ਰਾਜਨੀਤਿਕ ਲਾਭ ਲਈ ਅਮਰੀਕੀਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ।