ਨਿਊਜ਼ ਡੈਸਕ: ਕੋਰੋਨਾ ਵਾਇਰਸ ਸੰਕਟ ਕਾਰਨ ਦੁਨੀਆਂ ਭਰ ਵਿੱਚ ਵੱਖ-ਵੱਖ ਕਾਰੋਬਾਰ ਪ੍ਰਭਾਵਿਤ ਹੋਏ ਹਨ। ਕੁਝ ਅਜਿਹਾ ਹੀ ਥਾਈਲੈਂਡ ‘ਚ ਵੀ ਦੇਖਣ ਨੂੰ ਮਿਲਿਆ ਹੈ। ਜਿਸ ਦੇ ਚਲਦਿਆਂ ਲੋਕ ਵਿਰੋਧ ਦਰਜ ਕਰਵਾਉਣ ਲਈ ਟੈਕਸੀ ਦੀਆਂ ਛੱਤਾਂ ‘ਤੇ ਸਬਜ਼ੀਆਂ ਬੀਜ ਰਹੇ ਹਨ।
ਥਾਈਲੈਂਡ ‘ਚ ਕੋਰੋਨਾ ਵਾਇਰਸ ਸੰਕਟ ਕਾਰਨ ਬੇਕਾਰ ਖੜ੍ਹੀਆਂ ਟੈਕਸੀ ਦੀਆਂ ਛੱਤਾਂ ‘ਤੇ ਸਬਜ਼ੀਆਂ ਦੀ ਖੇਤੀ ਕੀਤੀ ਜਾਣ ਲੱਗੀ ਹੈ। ਇਸ ਲਈ ਇਸ ਹਫ਼ਤੇ ਟੈਕਸੀ ਸੰਗਠਨਾਂ ਦੇ ਕਰਮਚਾਰੀ ਇਕੱਠੇ ਹੋਏ ਸਨ।
ਉਨ੍ਹਾਂ ਨੇ ਆਪਣੀ ਟੈਕਸੀ ਦੀਆਂ ਛੱਤਾਂ ‘ਤੇ ਮਿੱਟੀ ਤੇ ਪਾਣੀ ਦੀ ਵਰਤੋਂ ਕਰਕੇ ਟਮਾਟਰ, ਖੀਰਾ ਅਤੇ ਹੋਰ ਸਬਜ਼ੀਆਂ ਦੀ ਖੇਤੀ ਦੀ ਸ਼ੁਰੂਆਤ ਕੀਤੀ। ਕੋਰੋਨਾ ਵਾਇਰਸ ਸੰਕਰਮਣ ਤੋਂ ਬਚਾਅ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਚਲਦਿਆਂ ਟੈਕਸੀ ਸੰਗਠਨਾਂ ਦੀ ਇਸ ਵੇਲੇ ਸਿਰਫ਼ 500 ਟੈਕਸੀਆਂ ਸੜਕਾਂ ਤੇ ਚੱਲ ਰਹੀਆਂ ਹਨ ਤੇ 2500 ਟੈਕਸੀਆਂ ਬੇਕਾਰ ਖੜ੍ਹੀਆਂ ਹਨ। ਟੈਕਸੀ ਸੰਗਠਨ ਨਾਲ ਜੁੜੇ ਇੱਕ ਵਿਅਕਤੀ ਨੇ ਕਿਹਾ ਕਿ ਮਹਾਂਮਾਰੀ ਦੇ ਚਲਦਿਆਂ ਬੰਦ ਹੋਏ ਕਾਰੋਬਾਰ ਕਾਰਨ ਪਹਿਲੀ ਤੇ ਦੂਜੀ ਲਹਿਰ ਦੌਰਾਨ ਹਜ਼ਾਰਾਂ ਚਾਲਕ ਆਪਣੀ ਟੈਕਸੀਆਂ ਛੱਡ ਕੇ ਪਿੰਡਾਂ ਨੂੰ ਪਰਤ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਟੈਕਸੀ ਕੰਪਨੀਆਂ ਭਾਰੀ ਸੰਕਟ ਵਿੱਚ ਹਨ ਅਤੇ ਜੇਕਰ ਜਲਦ ਮਦਦ ਨਹੀਂ ਮਿਲੀ ਤਾਂ ਪਰੇਸ਼ਾਨੀ ਹੋਰ ਵਧ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਟੈਕਸੀਆਂ ਦੀਆਂ ਛੱਤਾਂ ‘ਤੇ ਸਬਜ਼ੀਆਂ ਦੀ ਖੇਤੀ ਵਿਰੋਧ ਜਤਾਉਣ ਅਤੇ ਕਰਮਚਾਰੀਆਂ ਦਾ ਪੇਟ ਭਰਨ ਦੋਵਾਂ ਲਈ ਹੈ। ਉਨ੍ਹਾਂ ਦੱਸਿਆ ਛੱਤਾਂ ‘ਤੇ ਸਬਜ਼ੀਆਂ ਉਗਾਉਣ ਨਾਲ ਟੈਕਸੀਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ‘ਚੋਂ ਜ਼ਿਆਦਾਤਰ ਪਹਿਲਾਂ ਹੀ ਨੁਕਸਾਨੀਆਂ ਜਾ ਚੁੱਕੀਆਂ ਹਨ, ਇੰਜਣ ਟੁੱਟ ਗਏ ਹਨ ਅਤੇ ਟਾਇਰ ਬੇਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਅਜਿਹਾ ਕੁਝ ਨਹੀਂ ਹੈ ਜੋ ਕੀਤਾ ਜਾ ਸਕਦਾ ਹੈ ਤੇ ਇਹੀ ਇੱਕ ਆਖ਼ਰੀ ਤਰੀਕਾ ਹੈ।