ਨਿਊਯਾਰਕ : ਨਿਊਯਾਰਕ ਵਿੱਚ ਇਡਾ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਇਡਾ ਦੇ ਪ੍ਰਭਾਵ ਨਾਲ ਨਿਊਯਾਰਕ ਸ਼ਹਿਰ ਵਿੱਚ ਜ਼ਬਰਦਸਤ ਮੀਂਹ ਅਤੇ ਹੜ੍ਹ ‘ਚ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹੜ੍ਹ ਦੇ ਪਾਣੀ ਵਿੱਚ ਕਈ ਵਾਹਨ ਡੁੱਬ ਗਏ ਅਤੇ ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ।
ਬੁੱਧਵਾਰ ਦੇਰ ਸ਼ਾਮ ਨਿਊਯਾਰਕ ਸ਼ਹਿਰ ਅਤੇ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਨਿਊਯਾਰਕ ਸ਼ਹਿਰ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਹੜ੍ਹ ਕਾਰਨ ਬੇਸਮੈਂਟ ਵਿੱਚ ਫਸੇ ਕੁੱਲ 9 ਲੋਕਾਂ ਦੀ ਮੌਤ ਹੋ ਗਈ ਸੀ ਤੇ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਇਸ ਤੋਂ ਇਲਾਵਾ ਨਿਊਜਰਸੀ ਵਿੱਚ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਅਮਰੀਕਾ ਦੇ ਉੱਤਰ ਪੂਰਬੀ ਖੇਤਰ ਵਿੱਚ ਹਰਿਕੇਨ ਆਇਡਾ ਅਤੇ ਹੋਰ ਤੂਫਾਨਾਂ ਦੇ ਅਸਰ ਦੇ ਚਲਦਿਆਂ ਭਾਰੀ ਮੀਂਹ ਪੈ ਰਿਹਾ ਹੈ। ਕਈ ਹਿੱਸੀਆਂ ਵਿੱਚ ਟਾਰਨੇਡੋ ਕਾਰਨ ਪੈ ਰਹੇ ਤੇਜ ਮੀਂਹ ਕਰਕੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਨਿਊਯਾਰਕ ਸਿਟੀ ਵਿੱਚ ਜ਼ਿਆਦਾਤਰ ਸਬਵੇਅ ਸਰਵਿਸ ਭਾਰੀ ਹੜ੍ਹ ਕਾਰਨ ਬੰਦ ਹੋ ਗਈਆਂ ਹਨ ਅਤੇ ਨਿਊਜਰਸੀ ਵਿੱਚ ਨੀਵਾਰਕ ਲਿਬਰਟੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਫਲਾਈਟਾਂ ਸਸਪੈਂਡ ਹੋ ਗਈਆਂ।