ਨਵੀਂ ਦਿੱਲੀ : ਆਈਸੀਐਸਈ ਅਤੇ ਸੀਬੀਐਸਈ ਬੋਰਡ ਦੀ 10ਵੀਂ 12ਵੀਂ ਦੀਆਂ ਬਾਕੀ ਪ੍ਰੀਖਿਆਵਾਂ ਨੂੰ ਲੈ ਕੇ ਅੱਜ (ਸ਼ੁੱਕਰਵਾਰ) ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਜਸਟਿਸ ਏ.ਐਮ. ਖਾਨਵਿਲਕਰ ਦੀ ਅਗਵਾਈ ਵਾਲੇ 3 ਜੱਜਾਂ ਦੇ ਬੈਂਚ ਨੇ ਕੇਂਦਰ ਅਤੇ ਸੀਬੀਐਸਈ ਬੋਰਡ ਨੂੰ ਪ੍ਰੀਖਿਆਵਾਂ ਰੱਦ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ। ਇਸ ਦੇ ਨਾਲ ਹੀ ਜਸਟਿਸ ਏ.ਐਮ. ਖਾਨਵਿਲਕਰ, ਦਿਨੇਸ਼ ਮਹੇਸ਼ਵਰੀ ਅਤੇ ਸੰਜੀਵ ਖੰਨਾ ਦੇ ਤਿੰਨ ਜੱਜਾਂ ਦੇ ਬੈਂਚ ਨੇ ਹੋਰਨਾਂ ਅਦਾਲਤਾਂ ‘ਚ ਇਸ ਵਿਸ਼ੇ ਸਬੰਧੀ ਵਿਚਾਰ ਅਧੀਨ ਸਾਰੇ ਕੇਸਾਂ ਨੂੰ ਬੰਦ ਕਰ ਦਿੱਤਾ ਹੈ।
ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ 15 ਜੁਲਾਈ ਤੱਕ ਐਲਾਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਨੇ ਬਿਨਾਂ ਪ੍ਰੀਖਿਆ ਤੋਂ ਬੱਚਿਆਂ ਨੂੰ ਨੰਬਰ ਕਿਸ ਤਰ੍ਹਾਂ ਦਿੱਤੇ ਜਾਣਗੇ, ਇਸ ਸੰਬੰਧੀ ਹਲਫ਼ਨਾਮਾ ਵੀ ਅਦਾਲਤ ‘ਚ ਦਾਇਰ ਕੀਤਾ। ਸੀ. ਬੀ. ਐੱਸ. ਈ. ਨੇ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਪੂਰੀ ਕਰ ਲਈ ਹੈ, ਉਨ੍ਹਾਂ ਦਾ ਨਤੀਜਾ ਆਮ ਰੂਪ ਨਾਲ ਹੀ ਆਵੇਗਾ, ਜਦਕਿ ਜਿਨ੍ਹਾਂ ਵਿਦਿਆਰਥੀਆਂ ਨੇ ਤਿੰਨ ਤੋਂ ਵਧੇਰੇ ਪੇਪਰ ਦਿੱਤੇ ਹਨ, ਬਚੇ ਹੋਏ ਪੇਪਰਾਂ ਲਈ ਉਨ੍ਹਾਂ ਦਾ ਨਤੀਜਾ ਸਰਬੋਤਮ ਤਿੰਨ ਵਿਸ਼ਿਆਂ ਦੇ ਤਿੰਨ ਔਸਤ ਨੰਬਰਾਂ ਦੇ ਹਿਸਾਬ ਨਾਲ ਐਲਾਨਿਆ ਜਾਵੇਗਾ।
ਉੱਥੇ ਹੀ ਜਿਨ੍ਹਾਂ ਵਿਦਿਆਰਥੀਆਂ ਨੇ ਬੋਰਡ ਦੇ ਤਿੰਨ ਪੇਪਰ ਦਿੱਤੇ ਹਨ, ਉਨ੍ਹਾਂ ਨੂੰ ਬਚੀਆਂ ਹੋਈਆਂ ਪ੍ਰੀਖਿਆਵਾਂ ਲਈ ਸਰਬੋਤਮ ਦੋ ਵਿਸ਼ਿਆਂ ਦੇ ਔਸਤ ਅੰਕ ਮਿਲਣਗੇ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੇ 1 ਜਾਂ 2 ਪੇਪਰ ਖ਼ਤਮ ਕੀਤੇ ਹਨ, ਉਨ੍ਹਾਂ ਨੂੰ ਨੰਬਰ, ਬੋਰਡ ਵਲੋਂ ਪ੍ਰਦਰਸ਼ਨ ਅਤੇ ਇੰਟਰਨਲ/ਪ੍ਰੈਕਟੀਕਲ ਅਸੈਸਮੈਂਟ ਦੇ ਆਧਾਰ ‘ਤੇ ਦਿੱਤੇ ਜਾਣਗੇ।