ਪਟਿਆਲਾ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਬੜੇ ਲੰਬੇ ਸਮੇਂ ਤੋਂ, ਕਾਂਗਰਸ ਅਤੇ ਕੈਪਟਨ ਦੀ ਸਿਆਸਤ ਕਰ ਰਹੇ ਸਨ, ਪਰ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਣ ਲਈ, ਬਾਹਰੀ ਵਿਖਾਵਾ ਕੁੱਝ ਹੋਰ ਕਰਦੇ ਸਨ। ਹਾਲੇ ਕੁੱਝ ਸਮਾਂ ਪਹਿਲਾਂ ਹੀ ਉਹ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਰਣਜੀਤ ਸਿੰਘ ਦੀ ਹਮਨਸ਼ੀਨੀ ਵਿੱਚ ਖਲੋ ਕੇ, ਗੁਰਮਤੇ ਕਰਕੇ, ਕੋਟਕਪੂਰਾ ਪਹੁੰਚ ਕੇ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜਨ ਗਏ ਸਨ। ਉਹਨਾਂ ਕਿਹਾ ਕਿ ਮੈਂ ਸੁਖਪਾਲ ਸਿੰਘ ਖਹਿਰਾ ਤੋਂ ਜਾਨਣਾ ਚਾਹੁੰਦਾ ਹਾਂ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆਂ ਦੇ ਮਾਮਲਿਆਂ ਦਾ ਕੀ ਬਣੇਗਾ ? ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਈ ਕੋਰਟ ਦੇ ਫੈਸਲੇ ਅਨੁਸਾਰ ਬਣਾਈ ਗਈ ਸਿੱਟ (ਵਿਸ਼ੇਸ਼ ਜਾਂਚ ਟੀਮ) ਬਾਰੇ ਤੁਹਾਡੇ ਕੀ ਵਿਚਾਰ ਹਨ ? ਹੁਣ ਤੁਹਾਡੇ ਵਿਧਾਨ ਸਭਾ ਦੀ ਮੈਂਬਰੀ ਤੋਂ ਦਿੱਤੇ ਗਏ ਅਤੇ ਲੰਬੇ ਸਮੇਂ ਤੋਂ ਲੰਬਿਤ ਦਸ਼ਾ ਵਿੱਚ ਪਏ ਚਲਿੱਤਰੀ ਅਸਤੀਫ਼ੇ ਦਾ ਰਾਜ਼ ਵੀ ਖੁਲ੍ਹ ਕੇ ਲੋਕਾਂ ਦੇ ਸਾਹਮਣੇ ਆ ਗਿਆ ਹੈ ਕਿ ਉਹ ਅਸਤੀਫਾ, ਵਿਧਾਨ ਸਭਾ ਦੇ ਸਪੀਕਰ ਨੇ ਹੁਣ ਤੱਕ ਮਨਜ਼ੂਰ ਕਿਉਂ ਨਹੀਂ ਸੀ ਕੀਤਾ ?
ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਨੂੰ ਅਣਮਿਥੇ ਸਮੇਂ ਲਈ ਟਾਲੀ ਰੱਖਣ ਲਈ, ਜਿਸ ਮਕਸਦ ਲਈ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਇਸ਼ਾਰਾ ਕੀਤਾ ਹੋਇਆ ਸੀ, ਉਹ ਮਕਸਦ ਵੀ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਿਆ ਹੈ। ਸਭ ਦੇ ਦੂਹਰੇ ਚਿਹਰੇ ਬੇਨਕਾਬ ਹੋ ਗਏ ਹਨ, ਕਿਸ ਤਰ੍ਹਾਂ ਇਹ ਲੋਕ ਆਪਣੇ ਸਵਾਰਥਾਂ ਲਈ ਹੱਥਾਂ ਤੇ ਸਰ੍ਹੋਂ ਜਮਾ ਕੇ, ਲੋਕਾਂ ਨੂੰ ਬੁੱਧੂ ਬਣਾਉਂਦੇ ਹਨ।
ਉਹਨਾਂ ਕਿਹਾ ਕਿ ਜੋ ਬੱਕਰੇ ਦੇ ਪੈਰਾਂ ਵਿੱਚ ਘੁੰਗਰੂ ਪਾ ਕੇ, ਝਟਕਈ ਦੀ ਦੁਕਾਨ ਦੇ ਅੱਗੇ ਬੰਨ੍ਹੇਂ ਹੁੰਦੇ ਹਨ, ਉਨ੍ਹਾਂ ਨੂੰ ਵਹਿਮ ਹੁੰਦਾ ਹੈ ਕਿ ਅਸੀਂ ਹਲਾਕ ਨਹੀਂ ਹੋਣਾ ਅਸੀਂ ਤਾਂ ਮਾਲਕ ਝਟਕਈ ਦੇ ਪਾਲਤੂ ਸਜਾਵਟੀ ਬੱਕਰੇ ਹਾਂ। ਪਰ ਉਨ੍ਹਾਂ ਨੂੰ ਇਹ ਇਲਮ ਨਹੀਂ ਹੁੰਦਾ ਕਿ ਉਨ੍ਹਾਂ ਦੀ ਹਲਾਕਤ ਦਾ ਵਕਤ ਤੈਅ ਹੈ ਜੋ ਘੁੰਗਰੂ ਅੱਜ ਉਨ੍ਹਾਂ ਦੇ ਪੈਰਾਂ ਵਿੱਚ ਹਨ ਕੱਲ੍ਹ ਨੂੰ ਇਹ ਘੁੰਗਰੂ ਹੋਰਨਾ ਦੇ ਪੈਰਾਂ ਵਿੱਚ ਹੋਣਗੇ ਤੇ ਉਨ੍ਹਾਂ ਦਾ ਵੀ ਹਲਾਕਤ ਦੇ ਵਕਤ ਉਹੋ ਹਸ਼ਰ ਹੋਵੇਗਾ, ਜੋ ਪਹਿਲੇ ਗੰਗਰੂਆਂ ਵਾਲਿਆਂ ਦਾ ਹੋਇਆ ਹੈ।
ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਬੜੀ ਦੇਰ ਤੋਂ ਹੱਥ-ਫੇਰੀ ਅਤੇ ਚਲਾਕੀ ਦੀ ਰਾਜਨੀਤੀ ਕਰ ਰਹੇ ਸਨ।ਅੱਜ ਮੈਨੂੰ ਬੇਹੱਦ ਅਫ਼ਸੋਸ ਹੈ ਕਿ ਜਿਸ ਰਾਜਨੀਤਕ ਕਿਰਦਾਰ ਤੋਂ, ਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਲਾਈਂ ਬੈਠੇ ਸਨ, ਉਸ ਨਾਇਕ ਨੇ ਅੱਜ ਪੁੱਠੀ ਪਲਟੀ ਮਾਰਕੇ, ਆਪਣੀ ਰਾਜਨੀਤਕ ਅਤੇ ਇਖ਼ਲਾਕੀ ਖੁਦਕਸ਼ੀ ਕਰ ਲਈ ਹੈ, ਅਤੇ ਪੰਜਾਬ ਦੀ ਇੱਕ ਬੇਬਾਕ ਆਵਾਜ਼ ਆਖਿਰ ਕਿਸ ਦੇ ਆਗੋਸ਼ ਵਿੱਚ ਗ਼ਰਕ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਕਟ ਵਿੱਚੋਂ ਮੁਕਤ ਹੋਂਣ ਲਈ ਜੋ ਸਿਆਸੀ ‘ਬੱਕਰੇ’ ਪਾਲ਼ੇ ਹੋਏ ਸਨ , ਉਨ੍ਹਾਂ ਨੂੰ ਐਨ ਸਹੀ ਵਕਤ ਤੇ ਝੱਟਕ ਦਿੱਤਾ ਹੈ। ਮੈਂ ਸਮਝ ਸਕਦਾ ਹਾਂ ਕਿ ਅੱਜ ਵਿਦੇਸ਼ਾਂ ਵਿੱਚ ਬੈਠੇ, ਉਨ੍ਹਾਂ ਐਨ. ਆਰ.ਆਈ ਭਰਾਵਾਂ ਨੂੰ ਕਿੰਨੀ ਕੁ ਨਿਰਾਸ਼ਾ ਹੋਈ ਹੋਵੇਗੀ ਜੋ ਨਿੱਤ-ਦਿਨ ਸਾਨੂੰ ਫੂਨ ਕਰਕੇ ਆਖਦੇ ਸਨ ਕਿ ਖਹਿਰੇ ਨੂੰ ਅੱਗੇ ਲਾ ਲਵੋ, ਇਹ ਪੰਜਾਬ ਦਾ ਨਾਇਕ ਬਣ ਸਕਦਾ ਹੈ, ਏਹੀ ਭੁਲੇਖਾ ਪਰਵਾਸੀ ਭਰਾਵਾਂ ਨੂੰ ਮਨਪ੍ਰੀਤ ਸਿੰਘ ਬਾਦਲ ਬਾਰੇ ਸੀ, ਜੋ ਪੰਜਾਬ ਦੇ ਲੋਕਾਂ ਨੂੰ ‘ਵਿਵਸਥਾ ਬਦਲਣ’ ਦਾ ਨਾਅਰਾ ਦੇ ਕੇ, ਆਖਿਰ ਖੁਦ, ਉਸੇ ਵਿਵਸਥਾ ਵਿੱਚ ਗ਼ਰਕ ਹੋ ਗਏ, ਜਿਸ ਨੂੰ ਬਦਲਣ ਦਾ ਦਾਅਵਾ ਉਹ ਅੱਡੀਆਂ ਚੁੱਕ-ਚੁੱਕ ਕੇ ਕਰਦੇ ਹੁੰਦੇ ਸਨ।
ਉਹਨਾਂ ਕਿਹਾ ਕਿ ਪੰਡਿਤ ਦਯਾ ਸ਼ੰਕਰ ‘ਨਸੀਮ’ ਦਾ ਸ਼ੇਅਰ ਇਸ ਘਟਨਾ ਕਰਮ ਤੇ ਖ਼ੂਬ ਢੁੱਕਦਾ ਹੈ;
“ਲਾਏ ਉਸ ਬੁੱਤ ਕੋ ਇਲਤਜ਼ਾ ਕਰਕੇ,
ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ”