ਕੰਨੂਰ: ਕੇਰਲ ਦੇ ਕੰਨੂਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਨੇੜੇ ਵੀਰਵਾਰ ਨੂੰ ਇੱਕ ਕਾਰ ਨੂੰ ਅੱਗ ਲੱਗ ਗਈ, ਜਿਸ ਵਿੱਚ ਝੁਲਸਣ ਕਾਰਨ ਇੱਕ ਗਰਭਵਤੀ ਔਰਤ ਅਤੇ ਉਸ ਦੇ ਪਤੀ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪ੍ਰਜੀਤ (35) ਅਤੇ ਉਸ ਦੀ ਪਤਨੀ ਰਿਸ਼ਾ (26) ਵਜੋਂ ਹੋਈ ਹੈ, ਜੋ ਜ਼ਿਲ੍ਹੇ ਦੇ ਕੁੱਟੀਆਤੂਰ ਦੇ ਰਹਿਣ ਵਾਲੇ ਹਨ। ਜਣੇਪੇ ਦੇ ਦਰਦ ਕਾਰਨ ਔਰਤ ਨੂੰ ਹਸਪਤਾਲ ਲਿਜਾਂਦੇ ਸਮੇਂ ਇਹ ਹਾਦਸਾ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਬਚਾਅ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਅਤੇ ਪ੍ਰਜੀਤ ਅਤੇ ਰਿਸ਼ਾ ਨੂੰ ਬਾਹਰ ਕੱਢ ਲਿਆ ਪਰ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਪੁਲਸ ਨੇ ਦੱਸਿਆ ਕਿ ਕਾਰ ‘ਚ 6 ਲੋਕ ਸਵਾਰ ਸਨ। ਜਦੋਂ ਗੱਡੀ ਨੂੰ ਅੱਗ ਲੱਗ ਗਈ ਤਾਂ ਬੱਚੇ ਸਮੇਤ ਪਿਛਲੀ ਸੀਟ ‘ਤੇ ਬੈਠੇ ਚਾਰ ਵਿਅਕਤੀ ਬਾਹਰ ਨਿਕਲਣ ‘ਚ ਕਾਮਯਾਬ ਹੋ ਗਏ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ, ਕੰਨੂਰ ਸਿਟੀ ਪੁਲਿਸ ਕਮਿਸ਼ਨਰ ਅਜੀਤ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ, “ਬਾਕੀ ਲੋਕਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਹਸਪਤਾਲ ਵਿੱਚ ਉਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਕ ਚਸ਼ਮਦੀਦ ਨੇ ਦੱਸਿਆ, ”ਅਸੀਂ ਉਸ ਸਮੇਂ ਪੂਰੀ ਤਰ੍ਹਾਂ ਬੇਵੱਸ ਸੀ ਕਿਉਂਕਿ ਕਾਰ ਦੇ ਅਗਲੇ ਹਿੱਸੇ ਨੂੰ ਤੁਰੰਤ ਅੱਗ ਲੱਗ ਗਈ। ਅਸੀਂ ਉਨ੍ਹਾਂ ਨੂੰ ਬਚਾਉਣ ਲਈ ਬਹੁਤਾ ਕੁਝ ਨਹੀਂ ਕਰ ਸਕੇ ਕਿਉਂਕਿ ਸਾਨੂੰ ਲੱਗਾ ਕਿ ਕਾਰ ਦੀ ਤੇਲ ਟੈਂਕੀ ਕਿਸੇ ਵੀ ਪਲ ਫਟ ਸਕਦੀ ਹੈ।ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਤਕਨੀਕੀ ਮਾਹਿਰਾਂ ਤੋਂ ਜਾਂਚ ਤੋਂ ਬਾਅਦ ਹੀ ਲੱਗੇਗਾ।