ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਪੈਟਰੋਲ-ਡੀਜ਼ਲ ‘ਤੇ ਘੱਟ ਸਕਦਾ ਹੈ ਵੈਟ

TeamGlobalPunjab
2 Min Read

ਚੰਡੀਗੜ੍ਹ: ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਇਕ ਦਿਨ ਪਹਿਲਾਂ ਅੱਜ ਦੁਪਹਿਰ 12 ਵਜੇ  ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਜਿਸ ’ਚ ਅਹਿਮ ਫੈਸਲੇ ਲਏ ਜਾਣਗੇ । ਇਸ ‘ਚ ਡੀਜ਼ਲ ਤੇ ਪੈਟਰੋਲ ‘ਤੇ ਵੈਟ ਘਟ ਕਰਨ ‘ਤੇ ਮੋਹਰ ਲੱਗੇਗੀ। ਵੈਟ ਘੱਟ ਹੋਣ ਤੋਂ ਬਾਅਦ ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੀ ਸਸਤੇ ਹੋ ਜਾਣਗੇ। ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਘਟਾਉਣ ਅਤੇ ਗੁਆਂਢੀ ਰਾਜਾਂ ਵੱਲੋਂ ਵੈਟ ਘਟਾਉਣ ਤੋਂ ਬਾਅਦ ਪੰਜਾਬ ਸਰਕਾਰ ਵੀ ਦਬਾਅ ਵਿੱਚ ਹੈ। ਸ਼ਨੀਵਾਰ ਨੂੰ ਹੀ ਸਰਕਾਰ ਨੇ ਅਚਾਨਕ ਕੈਬਨਿਟ ਮੀਟਿੰਗ ਦੀ ਜਗ੍ਹਾ ਬਦਲ ਦਿੱਤੀ। ਇਹ ਮੀਟਿੰਗ ਹੁਣ ਪੰਜਾਬ ਸਕੱਤਰੇਤ ਦੀ ਬਜਾਏ ਪੰਜਾਬ ਭਵਨ ਵਿਖੇ ਹੋਵੇਗੀ।

ਬਿਜਲੀ ਸਮਝੌਤਿਆਂ ਅਤੇ ਇਨ੍ਹਾਂ ਬਾਰੇ ਵਾਈਟ ਪੇਪਰ ਲਿਆਏ ਜਾਣ ਨੂੰ ਵੀ ਹਰੀ ਝੰਡੀ ਮਿਲਣ ਦਾ ਅਨੁਮਾਨ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਬਿਜਲੀ ਸਮਝੌਤਿਆਂ ਅਤੇ ਮਹਿੰਗੀ ਬਿਜਲੀ ਬਾਰੇ ਵਾਈਟ ਪੇਪਰ ਲਿਆਉਣ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਚੁੱਕੇ ਹਨ। ਕੈਬਨਿਟ ਮੀਟਿੰਗ ਵਿੱਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕੀਤੇ ਜਾਣ ਅਤੇ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਨੂੰ ਲੈ ਕੇ ਕੇਂਦਰੀ ਫੈਸਲੇ ਦੇ ਵਿਰੋਧ ਵਿੱਚ ਮਤੇ ਲਿਆਉਣ ਦੀ ਸੰਭਾਵਨਾ ਹੈ।

ਪੰਜਾਬ ਸਰਕਾਰ ਵਿੱਚ ਮੰਤਰੀ ਮਨਪ੍ਰੀਤ ਬਾਦਲ, ਪਰਗਟ ਸਿੰਘ ਅਤੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਮਹਿੰਗੇ ਪੈਟਰੋਲ ਅਤੇ ਡੀਜ਼ਲ ਤੋਂ ਨਿਸ਼ਚਿਤ ਤੌਰ ‘ਤੇ ਰਾਹਤ ਮਿਲੇਗੀ। ਇਸ ਸਬੰਧੀ ਫੈਸਲਾ ਐਤਵਾਰ ਯਾਨੀ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇਗਾ।
Share This Article
Leave a Comment