-ਪ੍ਰਭਜੋਤ ਕੌਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ ਟੌਲ ਪਲਾਜ਼ਾ ‘ਤੇ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਕੇਂਦਰ ਸਰਕਾਰ ਇਨ੍ਹਾਂ ‘ਚ ਸਿਰਫ਼ ਸੋਧਾਂ ਕਰਨ ਲਈ ਹੀ ਤਿਆਰ ਹੋਈ ਹੈ। ਜਿਸ ਤੋਂ ਬਾਅਦ ਅੱਜ ਪੂਰੇ ਦੇਸ਼ ਭਰ ਵਿੱਚ ਟੌਲ ਪਲਾਜ਼ਾ ਫ੍ਰੀ ਕਰ ਦਿੱਤੇ ਗਏ ਹਨ। ਹੁਣ ਨਜ਼ਰ ਮਾਰਦੇ ਹਾਂ ਕਿ ਦੇਸ਼ ਵਿਚ ਕੁੱਲ ਕਿੰਨੇ ਟੋਲ ਪਲਾਜ਼ਾ ਹਨ ਅਤੇ ਉਨ੍ਹਾਂ ਤੋਂ ਕਿੰਨੀ ਵਸੂਲੀ ਕੀਤੀ ਜਾਂਦੀ ਹੈ।
ਭਾਰਤ ਵਿੱਚ ਕੁੱਲ 550 ਟੋਲ ਪਲਾਜ਼ਾ ਹਨ। ਜਿੱਥੇ ਰੋਜ਼ਾਨਾ 70 ਕਰੋੜ ਰੁਪਏ ਗੱਡੀਆਂ ਤੋਂ ਟੈਕਸ ਦੇ ਰੂਪ ਵਿੱਚ ਇਕੱਠਾ ਕੀਤੇ ਜਾਂਦੇ ਹਨ। ਸਾਲ 2019-20 ਦੀ ਗੱਲ ਕਰੀਏ ਤਾਂ ਟੋਲ ਕੰਪਨੀਆਂ ਨੇ ਕੁੱਲ 26,851 ਕਰੋੜ ਰੁਪਏ ਟੋਲ ਇਕੱਠਾ ਕੀਤਾ ਹੈ।
ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਪਿਛਲੇ ਢਾਈ ਮਹੀਨਿਆਂ ਤੋਂ ਟੋਲ ਪਲਾਜ਼ਾ ‘ਤੇ ਧਰਨੇ ਦੇ ਰਹੀਆਂ ਹਨ। ਜਿਸ ਨਾਲ ਟੋਲ ਇੱਕਠਾ ਕਰਨ ਵਾਲੀਆਂ ਕੰਪਨੀਆਂ ਨੂੰ ਵੱਡਾ ਘਾਟਾ ਪੈ ਰਿਹਾ ਹੈ। ਪੰਜਾਬ ਵਿੱਚ ਨੈਸ਼ਨਲ ਹਾਈਵੇ ਅਥੌਰਟੀ ਆਫ਼ ਇੰਡੀਆ ਦੇ 17 ਟੋਲ ਪਲਾਜ਼ਾ ਹਨ। ਪੰਜਾਬ ‘ਚੋਂ ਸਾਲਾਨਾ 150 ਕਰੋੜ ਰੁਪਏ ਟੋਲ ਇਕੱਠਾ ਕੀਤਾ ਜਾਂਦਾ ਹੈ। ਪੰਜਾਬ ਦਾ ਸਭ ਤੋਂ ਵੱਧ ਟੋਲ ਇਕੱਠਾ ਕਰਨ ਵਾਲਾ ਟੋਲ ਪਲਾਜ਼ਾ ਲੁਧਿਆਣਾ ਦੇ ਲਾਡੋਵਾਲ ਦਾ ਹੈ। ਲਾਡੋਵਾਲ ਟੋਲ ਪਲਾਜ਼ਾ ਤੋਂ ਰੋਜ਼ਾਨਾ 70 ਤੋਂ 75 ਲੱਖ ਰੁਪਏ ਟੈਕਸ ਵਜੋਂ ਇਕੱਠੇ ਕੀਤੇ ਜਾਂਦੇ ਹਨ। ਇਸ ਟੋਲ ਪਲਾਜ਼ਾ ਤੋਂ ਰੋਜ਼ਾਨਾ 35 ਤੋਂ 40 ਹਜ਼ਾਰ ਗੱਡੀਆਂ ਨਿਕਲਦੀਆਂ ਹਨ।
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪਠਾਨਕੋਟ-ਅੰਮ੍ਰਿਤਸਰ-ਲਖਨਪੁਰ ਨੈਸ਼ਨਲ ਹਾਈਵੇ ‘ਤੇ ਲਾਦਪਾਲਵਾਂ ਨੇੜੇ ਬਣਿਆ ਹੈ। ਜਿੱਥੇ ਕਾਰ, ਜੀਪ, ਵੈਨ ਤੋਂ ਇਕ ਪਾਸੇ ਦੇ 110 ਰੁਪਏ ਅਤੇ ਆਉਣ ਜਾਣ ਦੇ 165 ਰੁਪਏ ਰੁਪਏ ਵਸੂਲੇ ਜਾਂਦੇ ਹਨ। ਬੱਸ, ਟਰੱਕ ਤੋਂ ਇਕ ਪਾਸੇ ਲਈ 340 ਰੁਪਏ ਅਤੇ ਦੋ ਸਾਈਡ ਲਈ 515 ਰੁਪਏ ਟੌਲ ਟੈਕਸ ਲਿਆ ਜਾਂਦਾ ਹੈ।