ਡੇਰਾ ਸਿਰਸਾ ਮੁਖੀ ‘ਤੇ ਜਾਣੋ ਕਿੰਝ ਡਿੱਗਿਆ ਸੀ ਗੁੰਮਨਾਮ ਚਿੱਠੀਨੁਮਾਂ ਬੰਬ

TeamGlobalPunjab
3 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਡੇਰਾ ਸਿਰਸਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ‘ਤੇ ਗੁੰਮਨਾਮ ਚਿੱਠੀ ਬੰਬ ਬਣ ਕੇ ਕਿਸ ਤਰ੍ਹਾਂ ਡਿੱਗੀ, ਇਸ ਇਸ ਬਾਰੇ ਜਾਣਕਾਰੀ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਮੁੱਖ ਗਵਾਹ ਮਾਸਟਰ ਬਲਵੰਤ ਸਿੰਘ ਨੇ ਦਿੱਤੀ।

ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਸਟਰ ਬਲਵੰਤ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਉਸ ਦਾ ਗੁਆਂਢੀ ਸੀ। ਉਨ੍ਹਾਂ ਦਾ ਪਿੰਡ ਖਾਨਪੁਰ ਕੋਲੀਆਂ ਹੈ। ਜਦੋਂ ਉਸ ਨਾਲ ਰਣਜੀਤ ਸਿੰਘ ਦਾ ਤਾਲਮੇਲ ਹੋਇਆ ਤਾਂ ਉਹ ਤਰਕਸ਼ੀਲ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਗਿਆ ਅਤੇ ਤਰਕਸ਼ੀਲਾਂ ਦੀਆਂ ਕਈ ਕਿਤਾਬਾਂ ਵੀ ਰਣਜੀਤ ਸਿੰਘ ਨੇ ਪੜ੍ਹੀਆਂ ਸਨ। ਬਲਵੰਤ ਸਿੰਘ ਨੇ ਦੱਸਿਆ ਕਿ ਗੁੰਮਨਾਮ ਚਿੱਠੀ ਜਦੋਂ ਲੋਕਾਂ ਵਿਚ ਫੈਲ ਗਈ ਤਾਂ ਡੇਰਾ ਸਿਰਸਾ ਵਾਲਿਆਂ ਵੱਲੋਂ ਉਸ ਨੂੰ ਧਮਕਾਇਆ ਗਿਆ। ਰਣਜੀਤ ਸਿੰਘ ਕਤਲ ਕੇਸ ਦੇ ਮੁਲਜ਼ਮ ਉਸ ਦੇ ਘਰ ਰਿਵਾਲਵਰ ਲੈ ਕੇ ਧਮਕਾਉਣ ਆਏ ਸਨ ਅਤੇ ਉਸ ਨੂੰ ਡਰਾਇਆ ਗਿਆ ਤੇ ਇਹ ਪੁੱਛਿਆ ਗਿਆ ਕਿ ਗੁੰਮਨਾਮ ਚਿੱਠੀ ਤੁਸੀਂ ਲਿਖਵਾਈ ਹੈ।

ਬਲਵੰਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਰਣਜੀਤ ਸਿੰਘ ਦੇ ਪਿਤਾ ਨੇ ਹੋਰ ਵਿਅਕਤੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰਵਾਇਆ ਸੀ ਪਰ ਜਦੋਂ ਛੱਤਰਪਤੀ ਕਤਲ ਕੇਸ ਵਿੱਚ ਇਕ ਮੁਲਜ਼ਮ ਮੌਕੇ ‘ਤੇ ਫੜਿਆ ਗਿਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਰਣਜੀਤ ਸਿੰਘ ਦਾ ਕਤਲ ਵੀ ਡੇਰੇ ਵਾਲਿਆਂ ਨੇ ਕੀਤਾ ਸੀ। ਉਸ ਤੋਂ ਬਾਅਦ ਹੀ ਬਲਵੰਤ ਸਿੰਘ ਨੇ ਸਾਰੇ ਮਾਮਲੇ ‘ਤੇ ਗਵਾਹੀ ਦਿੱਤੀ। ਬਲਵੰਤ ਸਿੰਘ ਨੇ ਦੱਸਿਆ ਕਿ ਪਹਿਲਾਂ ਉਸਨੇ ਕ੍ਰਾਈਮ ਬ੍ਰਾਂਚ ਵਿਚ, ਫਿਰ ਸੀਬੀਆਈ ਕੋਲ ਅਤੇ ਉਸ ਤੋਂ ਬਾਅਦ ਸੀਬੀਆਈ ਅਦਾਲਤ ਵਿਚ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਗਵਾਹੀ ਦਿੱਤੀ ਸੀ।

ਮਾਸਟਰ ਬਲਵੰਤ ਸਿੰਘ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਉੱਤੇ ਡੇਰੇ ਵਾਲਿਆਂ ਨੂੰ ਇਹ ਸ਼ੱਕ ਸੀ ਕਿ ਗੁੰਮਨਾਮ ਚਿੱਠੀ ਉਸ ਨੇ ਲਿਖੀ ਜਾਂ ਫਿਰ ਲਿਖਵਾਈ ਹੈ। ਕਿਉਂਕਿ ਚਿੱਠੀ ਤੋਂ ਬਾਅਦ ਡੇਰੇ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਗਈ ਸੀ ਅਤੇ ਡੇਰਾ ਵਾਲੇ ਮੁਖੀ ਦੀ ਅਸਲੀਅਤ ਸਾਹਮਣੇ ਆ ਗਈ ਸੀ । ਬਲਵੰਤ ਸਿੰਘ ਨੇ ਕਿਹਾ ਕਿ ਉਹ ਚਿੱਠੀ ਭਾਵੇਂ ਰਣਜੀਤ ਸਿੰਘ ਦੇ ਕਤਲ ਦਾ ਕਾਰਨ ਬਣੀ ਪਰ ਲੋਕਾਂ ਨੂੰ ਸਚਾਈ ਸਾਹਮਣੇ ਲਿਆਉਣ ‘ਚ ਉਸ ਚਿੱਠੀ ਦੀ ਬਹੁਤ ਮਹੱਤਤਾ ਹੈ। ਮਾਸਟਰ ਬਲਵੰਤ ਸਿੰਘ ਨੇ ਕਿਹਾ ਕਿ ਉਸ ਦੇ ਮਨ ਨੂੰ ਤਸੱਲੀ ਹੈ ਕਿ ਆਖ਼ਰ ਇਨਸਾਫ਼ ਦੀ ਜਿੱਤ ਹੋਈ ਹੈ। ਬਲਵੰਤ ਸਿੰਘ ਨੇ ਦੱਸਿਆ ਕਿ 19 ਸਾਲ ਉਸ ਦੀ ਜ਼ਿੰਦਗੀ ਉੱਤੇ ਮੌਤ ਦਾ ਭੂਤ ਮੰਡਰਾਉਂਦਾ ਰਿਹਾ ਪਰ ਉਸ ਨੇ ਵਿਵੇਕ ਬੁੱਧੀ ਨਾਲ ਸੱਚ ਦਾ ਸਾਥ ਦੇਣਾ ਸਹੀ ਸਮਝਿਆ । ਇਸ ਮੌਕੇ ਮਾਸਟਰ ਬਲਵੰਤ ਸਿੰਘ ਦੇ ਨਾਲ ਸਮਾਜ ਸੇਵੀ ਸਤਨਾਮ ਸਿੰਘ ਦਾਊਂ,ਅਵਤਾਰ ਸਿੰਘ’ ਗੁਰਦਾਸ ਅਟਵਾਲ, ਪ੍ਰੇਮ ਸਿੰਘ ਅਤੇ ਹਿਰਦੇਪਾਲ ਮੌਜੂਦ ਸਨ।

Share This Article
Leave a Comment