ਗੁਰੂਗ੍ਰਾਮ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਦਿਨੀਂ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਗੁਰੂਗ੍ਰਾਮ ਦੇ ਐਸਕਾਰਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਰਾਮ ਰਹੀਮ ਦੇ ਬਿਮਾਰ ਹੋਣ ਦੀ ਖਬਰ ਮਿਲਦਿਆਂ ਹੀ ਉਨ੍ਹਾਂ ਦੀ ਮੂੰਹ-ਬੋਲੀ ਧੀ ਹਨੀਪ੍ਰੀਤ ਵੀ ਗੁਰੂਗ੍ਰਾਮ ਪਹੁੰਚ ਗਈ ਸੀ। ਇਸਦੇ ਨਾਲ ਹੀ ਹਨੀਪ੍ਰੀਤ ਨੇ 15 ਜੂਨ ਤੱਕ ਅਟੈਂਡੈਂਟ ਦਾ ਕਾਰਡ ਬਣਵਾਇਆ ਹੈ।
ਜਾਣਕਾਰੀ ਮੁਤਾਬਕ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਦੀ 9ਵੀਂ ਮੰਜ਼ਿਲ ‘ਤੇ 4643 ਕਮਰੇ ‘ਚ ਰੱਖਿਆ ਗਿਆ ਹੈ। ਅਟੈਂਡੈਂਟ ਦਾ ਕਾਰਡ ਬਣਵਾਉਣ ਤੋਂ ਬਾਅਦ ਹਨੀਪ੍ਰੀਤ ਹਰ ਰੋਜ਼ ਰਾਮ ਰਹੀਮ ਨੂੰ ਮਿਲਣ ਉਨ੍ਹਾਂ ਦੇ ਕਮਰੇ ‘ਚ ਜਾ ਸਕਦੀ ਹੈ। ਹਨੀਪ੍ਰੀਤ ਨੇ ਆਪਣਾ ਕਾਰਡ ਰਾਮ ਰਹੀਮ ਦੀ ਸੇਵਾਦਾਰ ਵਜੋਂ ਬਣਵਾਇਆ ਹੈ।
ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ ਰਾਮ ਰਹੀਮ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ। ਵੀਰਵਾਰ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ਵਿੱਚ ਡਾਕਟਰੀ ਜਾਂਚ ਕੀਤੀ ਗਈ। ਉੱਥੋਂ ਦੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਮੇਦਾਂਤਾ ਹਸਪਤਾਲ ਲਿਆਂਦਾ ਗਿਆ। ਫਿਰ ਕੋਰੋਨਾ ਦੀ ਜਾਂਚ ਕੀਤੀ ਗਈ ਜਿਸ ਦੀ ਰਿਪੋਰਟ ਪਾਜ਼ਿਟਿਵ ਆਈ।