ਨਵੀਂ ਦਿੱਲੀ: ਦੇਸ਼ ਵਿਚ ਇਨਕਮ ਟੈਕਸ ਦਾ ਪਹਿਲਾ ਕਾਨੂੰਨ ਅੱਜ ਤੋਂ 160 ਸਾਲ ਪਹਿਲਾਂ ਬਣਾਇਆ ਗਿਆ ਸੀ। 1860 ‘ਚ ਅੰਗਰੇਜ਼ ਅਫ਼ਸਰ ਜੇਮਜ਼ ਵਿਲਸਨ ਨੇ ਪਹਿਲਾ ਬਜਟ ਪੇਸ਼ ਕੀਤਾ ਸੀ। ਜੇਮਜ਼ ਵਿਲਸਨ ਨੇ ਦੇਸ਼ ਦੇ ਪਹਿਲੇ ਬਜਟ ‘ਚ 200 ਰੁਪਏ ਤੱਕ ਦੀ ਸਾਲਾਨਾ ਕਮਾਈ ਵਾਲੇ ਵਿਅਕਤੀ ਨੂੰ ਇਨਕਮ ਟੈਕਸ ਦੇਣ ਤੋਂ ਛੋਟ ਦਿੱਤੀ ਸੀ। ਦੇਸ਼ ਦੇ ਪਹਿਲੇ ਬਜਟ ‘ਚ 200 ਰੁਪਏ ਤੋਂ 500 ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਲੋਕਾਂ ‘ਤੇ ਟੈਕਸ ਦਾ ਪ੍ਰਾਵਧਾਨ ਸੀ।
ਸਾਲਾਨਾ 200 ਰੁਪਏ ਤੋਂ ਜ਼ਿਆਦਾ ਕਮਾਉਣ ਵਾਲਿਆਂ ‘ਤੇ 2% ਟੈਕਸ ਅਤੇ 500 ਰੁਪਏ ਤੋਂ ਜ਼ਿਆਦਾ ਕਮਾਉਣ ਵਾਲੇ ਲੋਕਾਂ ਤੇ 4% ਟੈਕਸ ਲਗਾਇਆ ਜਾਂਦਾ। ਪਹਿਲੇ ਇਨਕਮ ਟੈਕਸ ਕਾਨੂੰਨ ਵਿਚ ਫੌਜ, ਜਲਸੈਨਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਛੋਟ ਦਿੱਤੀ ਜਾਂਦੀ ਸੀ।
ਦੇਸ਼ ਵਿਚ ਇਨਕਮ ਟੈਕਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ 1857 ਦੀ ਕ੍ਰਾਂਤੀ ਦੇ ਕਾਰਨ ਅੰਗਰੇਜ਼ਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਸੀ। ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 1857 ਵਿੱਚ ਇੱਕ ਲਹਿਰ ਛਿੜੀ ਸੀ। ਜਿਸ ਕਾਰਨ 1859 ਵਿੱਚ ਇੰਗਲੈਂਡ ‘ਤੇ 8 ਕਰੋੜ 10 ਲੱਖ ਪੌਂਡ ਕਰਜ਼ਾ ਹੋ ਗਿਆ ਸੀ। ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਬ੍ਰਿਟੇਨ ਨੇ ਨਵੰਬਰ 1859 ‘ਚ ਜੇਮਜ਼ ਵਿਲਸਨ ਨੂੰ ਭਾਰਤ ਭੇਜਿਆ।
ਵਿਲਸਨ ਬ੍ਰਿਟੇਨ ਦੇ ਚਾਰਟਰਡ ਸਟੈਂਡਰਡ ਬੈਂਕ ਦੇ ਫਾਊਂਡਰ ਅਤੇ ਅਰਥ ਸ਼ਾਸਤਰੀ ਸਨ। ਜਿਸ ਤੋਂ ਬਾਅਦ ਵਿਲਸਨ ਨੇ 18 ਫਰਵਰੀ 1860 ‘ਚ ਭਾਰਤ ਦਾ ਪਹਿਲਾ ਬਜਟ ਪੇਸ਼ ਕੀਤਾ। ਜਿਸ ਵਿਚ ਤਿੰਨ ਟੈਕਸ ਦਾ ਪ੍ਰਸਤਾਵ ਦਿੱਤਾ ਗਿਆ ਸੀ, ਪਹਿਲਾ ਇਨਕਮ ਟੈਕਸ, ਦੂਸਰਾ ਲਾਈਸੈਂਸ ਟੈਕਸ ਅਤੇ ਤੀਸਰਾ ਤੰਬਾਕੂ ਟੈਕਸ।


 
		 
		