ਨਿਊਜ਼ ਡੈਸਕ: ਪਾਕਿਸਤਾਨ ਦੇ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ ਦੇ ਖਿਪਰੋ ‘ਚ ਇੱਕ ਵੱਡੀ ਭੀੜ ਨੇ ਹਿੰਦੂ ਮੰਦਰ ਵਿੱਚ ਭੰਨ ਤੋੜ ਕੀਤੀ ਤੇ ਭਗਵਾਨ ਕ੍ਰਿਸ਼ਨ ਦੀ ਮੂਰਤੀ ਨੂੰ ਖੰਡਿਤ ਕਰ ਦਿੱਤਾ। ਇਹ ਘਟਨਾ ਮੰਦਰ ‘ਚ ਇਕ ਧਾਰਮਿਕ ਸਮਾਗਮ ਦੌਰਾਨ ਵਾਪਰੀ ਜੋ ਜਨਮਅਸ਼ਟਮੀ ਦੇ ਤਿਉਹਾਰ ਨੂੰ ਮਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਸੀ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨੀ ਐਕਟਿਵਿਸਟ ਵਕੀਲ ਰਾਹਤ ਆਸਟਿਨ ਨੇ ਦਿੱਤੀ ਹੈ। ਉਨ੍ਹਾਂ ਨੇ ਇਕ ਟਵੀਟ ਕਰਕੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਸੂਬੇ ਦੇ ਕ੍ਰਿਸ਼ਨ ਮੰਦਿਰ ਵਿਚ ਭੰਨਤੋੜ ਕੀਤੀ ਗਈ ਹੈ। ਉੱਥੇ ਹੀ ਦੱਸਿਆ ਕਿ ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਮੰਦਰ ਵਿੱਚ ਸ਼ਰਧਾਲੂ ਪੂਜਾ ਕਰ ਰਹੇ ਸਨ।
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਜਿਹੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਝ ਸ਼ਰਧਾਲੂਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਿੰਧ ਸੂਬੇ ‘ਚ ਹਿੰਦੂਆਂ ਅਤੇ ਹਿੰਦੂ ਮੰਦਰ ‘ਤੇ ਹਮਲੇ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਲਾਹੌਰ ਤੋਂ ਲਗਭਗ 500 ਕਿਲੋਮੀਟਰ ਰਹੀਮ ਯਾਰ ਖਾਨ ਜ਼ਿਲੇ ‘ਚ ਲੋਕਾਂ ਨੇ ਕਈ ਹਿੰਦੂ ਮੰਦਰਾਂ ‘ਚ ਭੰਨ ਤੋੜ ਕੀਤੀ ਸੀ।