ਅੰਧਵਿਸ਼ਵਾਸ ਨੇ ਉਜਾੜਿਆ ਪਰਿਵਾਰ: 3 ਮੈਂਬਰਾਂ ਦੀ ਮੌਤ, 5 ਮਹੀਨਿਆਂ ਤੋਂ ਘਰ ’ਚ ਪਿਆ ਸੀ ਪੁੱਤਰ ਦਾ ਪਿੰਜਰ

TeamGlobalPunjab
2 Min Read

ਚੰਬਾ: ਹਿਮਾਚਲ ਦੇ ਚੰਬਾ ਜ਼ਿਲ੍ਹੇ ‘ਚ ਅੰਧਵਿਸ਼ਵਾਸ ਕਾਰਨ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੂੰ ਘਰ ‘ਚੋਂ ਔਰਤ ਦੀ ਮ੍ਰਿਤਕ ਦੇਹ ਤੇ 18 ਸਾਲ ਦੇ ਪੁੱਤਰ ਦਾ ਪਿੰਜਰ ਬਰਾਮਦ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ 5 ਮਹੀਨੇ ਪਹਿਲਾਂ ਹੋ ਚੁੱਕੀ ਸੀ। ਜਿਸ ਕਾਰਨ ਨੌਜਵਾਨ ਦਾ ਸਰੀਰ ਪਿੰਜਰ ‘ਚ ਬਦਲ ਗਿਆ ਸੀ, ਜਦਕਿ ਧੀ ਦੀ ਮੌਤ ਤਿੰਨ ਦਿਨ ਪਹਿਲਾਂ ਚੰਬਾ ਮੈਡੀਕਲ ਕਾਲਜ ‘ਚ ਹੋਈ ਸੀ।

ਪੁਲਿਸ ਨੂੰ ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਪਰਿਵਾਰ ਨੂੰ ਪਿੰਡ ਦੇ ਲੋਕ ਅੰਧਵਿਸ਼ਵਾਸ ਕਾਰਨ ਨਹੀਂ ਬੁਲਾਉਂਦੇ ਸੀ। ਕੋਈ ਵੀ ਇਨ੍ਹਾਂ ਦੇ ਘਰ ਆਉਂਦਾ-ਜਾਂਦਾ ਨਹੀਂ ਸੀ, ਔਰਤ ਆਪਣੇ ਆਪ ਨੂੰ ਮਾਤਾ ਮੰਨਦੀ ਸੀ ਤੇ ਘਰ ‘ਚ ਹੀ ਪਰਿਵਾਰ ਦਾ ਇਲਾਜ ਆਦਿ ਕਰਦੀ ਸੀ। ਔਰਤ ਨੇ ਉਸ ਸਮੇਂ ਫਾਹਾ ਲਗਾਇਆ, ਜਦੋਂ ਘਰ ‘ਚ ਕੋਈ ਵੀ ਮੌਜੂਦ ਨਹੀਂ ਸੀ।

ਔਰਤ ਦਾ ਪਤੀ ਵੇਦ ਵਿਆਸ ਐਤਵਾਰ ਨੂੰ ਪਾਂਗੀ ਤੋਂ ਆਪਣੀਆਂ ਦੋਵੇਂ ਧੀਆਂ ਨੂੰ ਇਲਾਜ ਲਈ ਚੰਬਾ ਲੈ ਕੇ ਗਿਆ ਸੀ। 2 ਦਿਨ ਪਹਿਲਾਂ ਇਕ ਧੀ ਦੀ ਮੈਡੀਕਲ ਕਾਲਜ ‘ਚ ਮੌਤ ਹੋ ਗਈ। ਜਿਸ ਦਾ ਅੰਤਿਮ ਸੰਸਕਾਰ ਜ਼ਿਲ੍ਹੇ ‘ਚ ਕਰਵਾਇਆ। ਦੂਜੀ ਧੀ ਹਾਲੇ ਤੱਕ ਮੈਡੀਕਲ ਕਾਲਜ ‘ਚ ਇਲਾਜ ਅਧੀਨ ਹੈ। ਵੀਰਵਾਰ ਨੂੰ ਜਦੋਂ ਉਹ ਵਾਪਸ ਆਪਣੇ ਘਰ ਆਇਆ ਤਾਂ ਉਸ ਦੀ ਪਤਨੀ ਫਾਹੇ ਨਾਲ ਲਟਕੀ ਹੋਈ ਸੀ। ਇਸ ਦੀ ਸੂਚਨਾ ਵੇਦ ਵਿਆਸ ਨੇ ਆਪਣੇ ਗੁਆਂਢੀਆਂ ਨੂੰ ਦਿੱਤੀ।

ਪੁਲਿਸ ਸੂਚਨਾ ਮਿਲਦਿਆਂ ਹੀ ਜਾਂਚ ਲਈ ਘਰ ਪਹੁੰਚੀ ਤਾਂ ਔਰਤ ਫਾਹੇ ਨਾਲ ਲਟਕੀ ਹੋਈ ਸੀ। ਜਦੋਂ ਪੁਲਸ ਨੇ ਘਰ ਦੀ ਤਲਾਸ਼ੀ ਲਈ ਤਾਂ ਦੂਜੇ ਕਮਰੇ ‘ਚ ਪੁਲਿਸ ਨੂੰ ਔਰਤ ਦੇ ਪੁੱਤਰ ਦਾ ਪਿੰਜਰ ਬਰਾਮਦ ਹੋਇਆ। ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

Share This Article
Leave a Comment