ਚੰਡੀਗੜ੍ਹ- ਪੰਜਾਬ ਹਰਿਆਣਾ ਹਾਈਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿਤੀ ਹੈ। ਹਵਾਰਾ ਦੇ ਵਕੀਲ ਭਾਨੂ ਪ੍ਰਤਾਪ ਸਿੰਘ ਵਲੋਂ ਪੱਕੀ ਜ਼ਮਾਨਤ ਦੀ ਅਰਜੀ ਜਸਟਿਸ ਅਲਕਾ ਸਰੀਨ ਦੀ ਅਦਾਲਤ ਵਿੱਚ ਲਗਾਈ ਗਈ ਸੀ । ਦਸਦਈਏ ਜਗਤਾਰ ਸਿੰਘ ਹਵਾਰਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਦੋਸ਼ੀ ਹੈ।
ਬਚਾਅ ਪੱਖ ਦੇ ਵਕੀਲ ਨੇ ਕੋਰਟ ਨੂੰ ਕਿਹਾ ਕਿ ਐਫਆਈਆਰ ਨੰਬਰ 271 ਜੋ ਕੀ ਜੁਲਾਈ 11 , 2005 ਨੂੰ ਦਰਜ ਕੀਤੀ ਗਈ ਸੀ ਉਸ ‘ਚ ਧਾਰਾ 439 ਤਹਿਤ ਇਹ ਪੱਕੀ ਜ਼ਮਾਨਤ ਲਈ ਅਰਜ਼ੀ ਪਹਿਲੀ ਵਾਰ ਦਿੱਤੀ ਜਾ ਰਹੀ ਹੈ। ਵਕੀਲ ਨੇ ਦਲੀਲ ਦਿੰਦੀਆਂ ਕਿਹਾ ਕਿ ਇਸ ਕੇਸ ‘ਚ ਹਵਾਰਾ ਪਿੱਛਲੇ 15 ਸਾਲਾਂ ਤੋਂ ਜੇਲ ‘ਚ ਬੰਦ ਹੈ। ਇਸ ਮਾਮਲੇ ‘ਚ ਇਕ ਹੋਰ ਮੁਲਜ਼ਮ 25 ਮਈ 2010 ਨੂੰ ਅਦਾਲਤ ਵਲੋਂ ਬਾਇੱਜਤ ਬਰੀ ਹੋ ਚੁੱਕਿਆ ਹੈ। ਜੇਕਰ ਹਵਾਰਾ ਨੂੰ ਇਸ ਕੇਸ ‘ਚ ਜ਼ਮਾਨਤ ਮਿਲ ਵੀ ਜਾਂਦੀ ਹੈ ਫਿਰ ਵੀ ਉਹ ਰਿਹਾ ਨਹੀਂ ਹੋ ਸਕਦਾ ਕਿਉਂਕਿ ਇਕ ਹੋਰ ਕੇਸ ‘ਚ ਮੁਕਦਮਾ ਨੰ 96 ਸਾਲ 1995 ਵਿੱਚ ਹਵਾਰਾ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ । ਉਸ ਤੇ ਕਈ ਕੇਸ ਅੱਜੇ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ। ਹਵਾਰਾ ਦੇ ਵਕੀਲ ਨੇ ਅਦਾਲਤ ‘ਚ ਕਿਹਾ ਕਿ ਇਹ ਪੱਕੀ ਜ਼ਮਾਨਤ ਦੀ ਅਰਜ਼ੀ ਮੁਕਦਮਾ ਨੰਬਰ 96 ਸਾਲ 1995 ਵਿੱਚ ਹਵਾਰਾ ਨੂੰ ਪੈਰੋਲ ਲੈਣ ਲਈ ਅਦਾਲਤ ‘ਚ ਅਗਲੀ ਦਰਖਾਸਤ ਦੀ ਅਰਜ਼ੀ ਲਗਾਉਣ ਲਈ ਲਗਾਈ ਗਈ ਹੈ।
ਯੂ ਟੀ ਚੰਡੀਗੜ੍ਹ ਵਲੋਂ ਸਰਕਾਰੀ ਵਕੀਲ ਆਸ਼ੂ ਮੋਹਨ ਪੰਛੀ ਨੇ ਅਦਾਲਤ ‘ਚ ਪੱਖ ਰਖਦਿਆਂ ਕਿਹਾ ਕਿ ਪਟੀਸ਼ਨਰ ਤੇ 37 ਮਾਮਲਿਆਂ ਅਤੇ ਸੰਗੀਨ ਧਾਰਾਵਾਂ ਤਹਿਤ ਕੇਸ ਅਦਾਲਤ ‘ਚ ਚਲ ਰਹੇ ਹਨ । ਉਹ ਇਕ ਖਤਰਨਾਕ ਮੁਜਰਮ ਹੈ ਤੇ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ । ਇਸ ਵਿੱਚ ਵਿਚਲੀ ਅਦਾਲਤ ਨੇ ਆਪਣੇ ਫੈਸਲੇ ‘ਚ ਲਿਖਿਆ ਸੀ ਕਿ ਮੁਲਜ਼ਮ ਬਾਕੀ ਦੀ ਸਾਰੀ ਉਮਰ ਜੇਲ ਵਿੱਚ ਹੀ ਪੂਰੀ ਕਰੇਗਾ।
ਦੋਹਾਂ ਪੱਖਾਂ ਨੂੰ ਸੁਨਣ ਤੋਂ ਬਾਅਦ ਅਦਾਲਤ ਨੇ ਫੈਸਲੇ ‘ਚ ਕਿਹਾ ਕਿ ਮਾਮਲਿਆਂ ਦੀ ਗੰਭੀਰਤਾ ਨੂੰ ਵੇਖਦੇ ਹੋਇਆ ਇਸ ਮਾਮਲੇ ‘ਚ ਪੱਕੀ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਤੇ ਜੱਜ ਨੇ ਹਵਾਰਾ ਦੀ ਜ਼ਮਾਨਤ ਅਰਜ਼ੀ ਨਾਮੰਜ਼ੂਰ ਕਰ ਦਿੱਤੀ।