ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਵਿੱਚ ਮਾਮਲੇ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੱਕੀ ਜ਼ਮਾਨਤ ’ਤੇ ਸੁਣਵਾਈ 24 ਜਨਵਰੀ ਤੱਕ ਅੱਗੇ ਪੈ ਗਈ ਹੈ। ਉਹ ਹਾਈ ਕੋਰਟ ਦੇ ਹੁਕਮਾਂ ‘ਤੇ ਦੋ ਵਾਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋ ਚੁੱਕੇ ਹਨ।
10 ਜਨਵਰੀ ਨੂੰ ਹਾਈ ਕੋਰਟ ਨੇ ਮਜੀਠੀਆ ਨੂੰ ਵੱਡੀ ਰਾਹਤ ਦਿੰਦਿਆਂ ਨਸ਼ਾ ਤਸਕਰੀ ਮਾਮਲੇ ਵਿੱਚ ਆਰਜ਼ੀ ਅੰਤ੍ਰਿਮ ਜ਼ਮਾਨਤ ਮਨਜ਼ੂਰ ਕਰਦਿਆਂ ਅਕਾਲੀ ਆਗੂ ਜਾਂਚ ਵਿੱਚ ਸਹਿਯੋਗ ਦੇਣ ਲਈ ਸਿਟ ਅੱਗੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ। ਉੱਚ ਅਦਾਲਤ ਨੇ ਕਈ ਸ਼ਰਤਾਂ ’ਤੇ ਆਧਾਰ ’ਤੇ ਮਜੀਠੀਆ ਨੂੰ ਕੱਚੀ ਜ਼ਮਾਨਤ ਦਿੱਤੀ ਸੀ, ਇਨ੍ਹਾਂ ਵਿੱਚ ਉਨ੍ਹਾਂ ਨੂੰ ਵਿਦੇਸ਼ ਨਾ ਜਾਣ, ਕੇਸ ਨਾਲ ਸਬੰਧਤ ਕਿਸੇ ਵੀ ਵਿਅਕਤੀ ਨਾਲ ਸੰਪਰਕ ਨਾ ਕਰਨ, ਆਪਣਾ ਮੋਬਾਈਲ ਨੰਬਰ ਜਾਂਚ ਟੀਮ ਨੂੰ ਦੇ ਕੇ 24 ਘੰਟੇ ਖੁੱਲ੍ਹਾ ਰੱਖਣ ਅਤੇ ਵ੍ਹਾਟਸਐਪ ਨੰਬਰ ਵੀ ਸਾਂਝਾ ਕਰਨ ਲਈ ਕਿਹਾ ਗਿਆ ਸੀ। ਹਾਈ ਕੋਰਟ ਨੇ ਉਨ੍ਹਾਂ ਨੂੰ ਦੋ ਦਿਨ ਬਾਅਦ ਹੀ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਸੀ। ਮਜੀਠੀਆ 3 ਵਾਰ ਉਥੇ ਪੇਸ਼ ਹੋ ਚੁੱਕੇ ਹਨ।
ਡਰੱਗਸ ਮਾਮਲੇ ਵਿੱਚ ਮਜੀਠੀਆ ‘ਤੇ ਕੀਤੀ ਗਈ ਐੱਫ.ਆਈ.ਆਰ. ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਅਜਿਹਾ ਕੀਤਾ ਹੈ।