ਮੁਹਾਲੀ: ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ‘ਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਸੁਣਵਾਈ ਬੁੱਧਵਾਰ ਨੂੰ ਵੀ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਨਵੀਂ ਅਦਾਲਤ ‘ਚ ਟਲ ਗਈ। ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ‘ਤੇ ਪੈ ਗਈ ਹੈ ਅਤੇ ਸੁਮੇਧ ਸੈਣੀ ਦੀ ਕੱਚੀ ਜ਼ਮਾਨਤ ਨੂੰ ਅੱਗੇ ਵਧਾਉਂਦਿਆਂ 10 ਜੁਲਾਈ ਤੱਕ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਹੈ।
ਸੁਮੇਧ ਸੈਣੀ ਦੇ ਵਕੀਲ ਏਪੀਐਸ ਦਿਉਲ ਸੁਣਵਾਈ ਸਮੇਂ ਅਦਾਲਤ ਵਿੱਚ ਹਾਜ਼ਰ ਨਹੀਂ ਸਨ। ਉੱਥੇ ਹੀ ਬਚਾਅ ਪੱਖ ਦੇ ਦੂਜੇ ਵਕੀਲ ਐਚਐਸ ਧਨੋਆ ਨੇ ਅਦਾਲਤ ਨੂੰ ਦੱਸਿਆ ਕਿ ਸੀਨੀਅਰ ਵਕੀਲ ਦਿਓਲ ਦੀ ਬਜ਼ੁਰਗ ਮਾਤਾ ਬਿਮਾਰ ਹਨ। ਜਿਸ ਕਾਰਨ ਉਹ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕੇ, ਇਸ ਲਈ ਦੀ ਸੁਣਵਾਈ ਲਈ ਅਗਲੀ ਤਰੀਕ ਦਿੱਤੀ ਜਾਵੇ।
ਉੱਥੇ ਹੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ, ਸਰਕਾਰੀ ਵਕੀਲ ਸੰਜੀਵ ਬੱਤਰਾ ਸਣੇ ਬਚਾਅ ਪੱਖ ਦੇ ਵਕੀਲ ਐੱਚਐਸ ਧਨੋਆ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਸਣੇ ਜਾਂਚ ਅਧਿਕਾਰੀ ਅਦਾਲਤ ਵਿੱਚ ਹਾਜ਼ਰ ਸਨ।