ਓਟਾਵਾ : ਹੈਲਥ ਕੈਨੇਡਾ ਨੇ ਫਾਈਜ਼ਰ ਦੇ ਕੋਵਿਡ-19 ਐਂਟੀਵਾਇਰਲ ਟਰੀਟਮੈਂਟ ਪੈਕਸਲੋਵਿਡ ਨੂੰ ਦੇਸ਼ ਵਿੱਚ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਐਂਟੀਵਾਇਰਲ ਦਵਾਈ ਨੂੰ ਲੋਕ ਘਰ ਵਿੱਚ ਹੀ ਲੈ ਸਕਣਗੇ ਤੇ ਇਹ ਕੋਰੋਨਾ ਦੇ ਹਲਕੇ ਲੱਛਣਾਂ ਦਾ ਇਲਾਜ ਕਰ ਸਕੇਗੀ।
ਫੈਡਰਲ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਇਹ ਪ੍ਰਿਸਕ੍ਰਿਪਸ਼ਨ ਵਾਲੀ ਦਵਾਈ ਹੈ। ਇਸ ਨੂੰ ਕੋਵਿਡ-19 ਪਾਜ਼ੀਟਿਵ ਤੇ ਬਿਮਾਰੀ ਦੇ ਲੱਛਣ ਨਜ਼ਰ ਆਉਣ ‘ਤੇ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗ ਲੈ ਸਕਣਗੇ।
ਇਹ ਮਨਜ਼ੂਰੀ ਸਖ਼ਤ ਹਦਾਇਤਾਂ ਨਾਲ ਮਿਲੀ ਹੈ ਤੇ ਇਸ ਦੇ ਨਾਲ ਹੀ ਇਹ ਦੱਸਿਆ ਗਿਆ ਹੈ ਕਿ ਕਿਸ ਸੂਰਤ ਵਿੱਚ ਇਸ ਦਵਾਈ ਦੀ ਵਰਤੋਂ ਨਹੀਂ ਹੋ ਸਕੇਗੀ। ਇਸ ਦਵਾਈ ਦੀ ਵਰਤੋਂ ਕੋਵਿਡ-19 ਇਨਫੈਕਸ਼ਨ ਰੋਕਣ ਲਈ ਨਹੀਂ ਹੋ ਸਕੇਗੀ ਜਾਂ ਉਨ੍ਹਾਂ ਮਰੀਜ਼ਾਂ ਦਾ ਇਲਾਜ ਕਰਨ ਲਈ ਨਹੀਂ ਹੋ ਸਕੇਗੀ ਜਿਹੜੇ ਕੋਵਿਡ-19 ਦੇ ਗੰਭੀਰ ਰੂਪ ਲੈਣ ਕਾਰਨ ਪਹਿਲਾਂ ਹੀ ਹਸਪਤਾਲਾਂ ਵਿੱਚ ਭਰਤੀ ਹਨ।
ਇਹ ਦਵਾਈ ਲਗਾਤਾਰ ਪੰਜ ਦਿਨ ਤੋਂ ਜਿ਼ਆਦਾ ਇੱਕਠਿਆਂ ਨਹੀਂ ਲਈ ਜਾ ਸਕਦੀ, ਨਾਂ ਹੀ ਇਹ ਟੀਨਜ਼ ਜਾਂ ਬੱਚਿਆਂ ਨੂੰ ਹੀ ਦਿੱਤੀ ਜਾ ਸਕਦੀ ਹੈ।ਹੈਲਥ ਕੈਨੇਡਾ ਦੀ ਚੀਫ ਮੈਡੀਕਲ ਐਡਵਾਈਜ਼ਰ ਡਾ· ਸੁਪਰੀਆ ਸ਼ਰਮਾ ਨੇ ਆਖਿਆ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਖਿਲਾਫ ਇਹ ਨਵਾਂ ਟੂਲਕਿੱਟ ਮਿਲਿਆ ਹੈ ਤੇ ਹਾਈ ਰਿਸਕ ਲੋਕਾਂ ਲਈ ਇਹ ਵਧੇਰੇ ਪਹੁੰਚ ਵਿੱਚ ਰਹਿਣ ਵਾਲਾ ਐਂਟੀਵਾਇਰਲ ਇਲਾਜ ਹੈ।