ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਭਾਰਤ ਵਿੱਚ ਭੋਜਨ ਸੁਰੱਖਿਆ ਯਕੀਨੀ ਬਨਾਉਣ ਲਈ ਕੀਤਾ ਧੰਨਵਾਦ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ) :’ਭਾਰਤ ਵਿੱਚ ਭੋਜਨ ਸੁਰੱਖਿਆ ਯਕੀਨੀ ਬਣਾ ਲਈ ਗਈ ਹੈ। ਇਸ ਲਈ ਪੰਜਾਬ ਐਗਰੀਲਚਰਲ ਯੂਨੀਵਰਸਿਟੀ ਅਤੇ ਪੰਜਾਬ ਦੇ ਨਾਲ ਹਰਿਆਣੇ ਦੇ ਕਿਸਾਨਾਂ ਦਾ ਧੰਨਵਾਦ ਵੀ ਹੋਣਾ ਚਾਹੀਦਾ ਹੈ’। ਇਹ ਸ਼ਬਦ ਵਿਸ਼ਵ ਭੋਜਨ ਪ੍ਰੋਗਰਾਮ ਦੇ 2020 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਜੇਤੂ ਸ੍ਰੀ ਬਿਸ਼ਵ ਪਾਰਾਜੁਲੀ ਨੇ ਕਹੇ। ਇਹ ਸ਼ਬਦ ਉਹਨਾਂ ਨੇ ਆਪਣੇ ਇੱਕ ਵਿਸ਼ੇਸ਼ ਭਾਸ਼ਣ ਦੌਰਾਨ ਕਹੇ ਜਿਸਦਾ ਉਦੇਸ਼ ਕੋਵਿਡ ਦੇ ਸਮੇਂ ਭਾਰਤ ਮੁਲਕ ਵਿੱਚ ਭੋਜਨ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਨਾਉਣਾ ਸੀ। ਇਹ ਵਿਸ਼ੇਸ਼ ਭਾਸ਼ਣ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਾਸ ਚੈਪਟਰ ਵੱਲੋਂ ਆਯੋਜਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਭਾਰਤ ਮੁਲਕ ਅਤੇ ਵਿਸ਼ਵ ਭੋਜਨ ਪ੍ਰੋਗਰਾਮ ਦੇ ਨਾਲ 50 ਸਾਲਾਂ ਤੋਂ ਵੱਧ ਦਾ ਸੰਬੰਧ ਹੈ। ਭਾਰਤ ਵੱਲੋਂ ਦਾਣਿਆਂ ਦੀ 291 ਮਿਲੀਅਨ ਟਨ ਪੈਦਾਵਾਰ ਨਾਲ ਦੇਸ਼ ਲਗਾਤਾਰ ਭੋਜਨ ਸੁਰੱਖਿਆ ਨੂੰ ਯਕੀਨੀ ਬਣਾ ਰਿਹਾ ਹੈ ਪਰ ਜਨਸੰਖਿਆ ਦੇ ਲਗਾਤਾਰ ਵੱਧਦੇ ਕਾਰਨ, ਵੱਧ ਪਾਣੀ ਦੀ ਵਰਤੋਂ ਕਾਰਨ ਅਤੇ ਮੌਸਮੀ ਬਦਲਾਵਾਂ ਕਾਰਨ ਸਾਨੂੰ ਚਿਰ ਸਥਾਈ ਖੇਤੀ ਵੱਲ ਤੁਰਨਾ ਪਵੇਗਾ। ਉਹਨਾਂ ਵਿਸ਼ੇਸ਼ ਤੌਰ ‘ਤੇ ਉੜੀਸਾ ਅਤੇ ਪੱਛਮੀ ਬੰਗਾਲ ਦੇ ਵਿੱਚ ਸਮੁੰਦਰੀ ਤੂਫਾਨਾਂ ਦਾ ਜ਼ਿਕਰ ਕੀਤਾ ਅਤੇ ਬਦਲ ਰਹੇ ਮੌਸਮੀ ਹਾਲਾਤਾਂ ਤੇ ਚਿੰਤਾ ਪ੍ਰਗਟਾਈ। ਉਹਨਾਂ ਕਰੋਨਾ ਦੇ ਸਮੇਂ ਦੌਰਾਨ ਵੱਖ-ਵੱਖ ਹਿੱਸਿਆਂ ਵਿੱਚ ਹੋਈ ਹਿਜਰਤ ਪ੍ਰਤੀ ਵੀ ਚਿੰਤਾ ਪ੍ਰਗਟਾਈ। ਉਹਨਾਂ ਕਿਹਾ ਕਿ ਪੂਰਾ ਵਿਸ਼ਵ ਭਾਰਤ ਵੱਲ ਕਿਸੇ ਉਮੀਦ ਨਾਲ ਵੇਖਦਾ ਹੈ। ਜੇਕਰ ਹਰੇ ਇਨਕਲਾਬ ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਅਗਵਾਈ ਪੀ.ਏ.ਯੂ. ਨੇ ਹੀ ਕੀਤੀ। ਸ੍ਰੀ ਪਾਰਾਜੁਲੀ ਨੇ ਵਿਸ਼ੇਸ਼ ਤੌਰ ਤੇ ਮੌਸਮੀ ਥਪੇੜੇ ਸਹਿਣ ਕਰਨ ਵਾਲੀਆਂ ਨਵੀਆਂ ਕਿਸਮਾਂ, ਨਵੇਂ ਫ਼ਸਲੀ ਚੱਕਰ, ਜੈਵਿਕ ਖੇਤੀ ਅਤੇ ਘੱਟ ਰਸਾਇਣਾਂ ਤੇ ਆਧਾਰਿਤ ਖੇਤੀ ਵੱਲ ਤੁਰਨਾ ਪਵੇਗਾ। ਉਹਨਾਂ ਕਿਹਾ ਕਿ ਨਵੀਆਂ ਤਬਦੀਲੀਆਂ ਲਿਆਉਣ ਦੇ ਲਈ ਪੀ.ਏ.ਯੂ. ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਆਪਣੇ ਪੁਰਾਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਇਸ ਯੂਨੀਵਰਸਿਟੀ ਤੇ ਮਾਣ ਹੈ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਨੇ ਪਾਰਾਜੁਲੀ ਹੋਣਾ ਨੂੰ ਪ੍ਰਸ਼ੰਸ਼ਾ ਪੱਤਰ ਭੇਂਟ ਕੀਤਾ ਅਤੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਤਿੰਨ ਡਾਇਰੈਕਟਰ ਜਨਰਲ ਕੌਮਾਂਤਰੀ ਪੱਧਰ ਤੇ ਤਿਆਰ ਕਰਨ ਦਾ ਮਾਣ ਹਾਸਲ ਹੈ। ਉਹਨਾਂ ਕਿਹਾ ਕਿ ਸ੍ਰੀ ਪਾਰਾਜੁਲੀ ਅਤੇ ਹਰਜੀਤ ਸੰਧੂ ਵਰਗੇ ਨੋਬਲ ਪੁਰਸਕਾਰ ਜੇਤੂ ਦਾ ਇਸ ਯੂਨੀਵਰਸਿਟੀ ਨਾਲ ਸੰਬੰਧਤ ਹੋਣਾ ਮਾਣ ਦੀ ਗੱਲ ਹੈ। ਇਸ ਮੌਕੇ ਡਾ. ਢਿੱਲੋਂ ਨੇ ਨਵੀਆਂ ਕਿਸਮਾਂ ਵਿਕਸਿਤ ਕਰਨ, ਮੌਸਮੀ ਬਦਲਾਅ ਅਤੇ ਸਥਾਈ ਖੇਤੀ ਸੰਬੰਧੀ ਵਿੱਦਿਅਕ ਪ੍ਰੋਗਰਾਮ ਉਲੀਕਣ ਦੀ ਗੱਲ ਕੀਤੀ।

ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸ੍ਰੀ ਬਿਸ਼ਵ ਪਾਰਾਜੁਲੀ ਦੀ ਜਾਣ-ਪਛਾਣ ਕਰਾਈ ਅਤੇ ਕਿਹਾ ਕਿ ਉਹ ਆਪਣੇ ਲੀਡਰਸ਼ਿਪ ਅਤੇ ਸੰਕਲਪ ਕਰਕੇ ਸਾਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ।

ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਧੰਨਵਾਦ ਦੇ ਸ਼ਬਦ ਕਹੇ। ਪ੍ਰੋਗਰਾਮ ਦਾ ਸੰਚਾਲਨ ਡਾ. ਪ੍ਰਵੀਨ ਛੁਨੇਜਾ ਨੇ ਕੀਤਾ ਅਤੇ ਪੀ.ਏ.ਯੂ. ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਨਰੀ ਦੇ ਵਿਗਿਆਨੀਆਂ ਨੇ ਚਰਚਾ ਵਿੱਚ ਭਾਗ ਲਿਆ।

Share This Article
Leave a Comment