ਚੰਡੀਗੜ੍ਹ : ਹਰਿਆਣਾ ਦੀ ਪਾਣੀਪਤ ਪੁਲੀਸ ਦੀ ਸੀਆਈਏ ਟੀਮ ਨੇ ਬੀਤੇ ਦਿਨੀਂ ਦੇਰ ਰਾਤ ਖਰਖੋਦਾ ਸ਼ਰਾਬ ਘੁਟਾਲੇ ‘ਚ ਹਰਿਆਣਾ ਦੇ ਸਾਬਕਾ ਵਿਧਾਇਕ ਸਤਵਿੰਦਰ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਇਸ ਮਾਮਲੇ ‘ਚ ਪੁਲੀਸ ਪਹਿਲਾਂ ਵੀ ਕਿੰਗਪਿਨ ਭੁਪੇਂਦਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲੀਸ ਵੱਲੋਂ ਕਿੰਗਪਿਨ ਭੁਪੇਂਦਰ ਤੋਂ 97 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਸਨ।
ਮਿਲੀ ਜਾਣਕਾਰੀ ਅਨੁਸਾਰ ਪਾਣੀਪਤ ਪੁਲੀਸ ਦੀ ਸੀਆਈਏ ਟੀਮ ਨੇ ਸਾਬਕਾ ਵਿਧਾਇਕ ਨੂੰ ਚੰਡੀਗੜ੍ਹ ਸਥਿਤ ਐੱਮਐੱਲਏ ਹੋਸਟਲ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਸਾਬਕਾ ਵਿਧਾਇਕ ਖ਼ਿਲਾਫ਼ ਆਈਪੀਸੀ ਦੀ ਧਾਰਾ 457/380/406 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।
ਸਾਬਕਾ ਵਿਧਾਇਕ ਸਤਵਿੰਦਰ ਸਿੰਘ ਨੇ ਜੇਜੇਪੀ ਪਾਰਟੀ ਵੱਲੋਂ ਕਲਾਇਤ ਤੋਂ ਆਖਰੀ ਵਿਧਾਨ ਸਭਾ ਚੋਣ ਲੜੀ ਸੀ। ਇਸ ਤੋਂ ਪਹਿਲਾਂ ਉਹ ਰਾਜੌਂਦ (ਕੈਥਲ) ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਕਾਲਕਾ ਤੋਂ ਕਾਂਗਰਸ ਦੀ ਟਿਕਟ ‘ਤੇ ਵੀ ਚੋਣ ਲੜ ਸੀ। ਦੱਸ ਦੇਈਏ ਕਿ ਸੋਨੀਪਤ ਦੇ ਖਰਖੋਦਾ ਸ਼ਰਾਬ ਘੁਟਾਲੇ ਵਿੱਚ 28 ਅਪ੍ਰੈਲ ਨੂੰ ਸਮਾਲਖਾ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਘੁਟਾਲੇ ਦੀਆਂ ਤਾਰਾਂ ਰਾਜ ਭਰ ਵਿੱਚ ਜੁੜੀਆਂ ਹੋਈਆਂ ਦੱਸੀਆਂ ਜਾ ਰਹੀਆਂ ਹਨ। ਪੁਲੀਸ, ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਸ਼ਰਾਬ ਮਾਫੀਆ ਨਾਲ ਮਿਲ ਕੇ ਲੌਕਡਾਊਨ ਦੌਰਾਨ ਇਸ ਘਟਾਲੇ ਨੂੰ ਅੰਜਾਮ ਦਿੱਤਾ ਸੀ।
ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਇਸ ਘੁਟਾਲੇ ਦੀ ਜਾਂਚ ਲਈ ਸੀਨੀਅਰ ਆਈਏਐਸ ਟੀਸੀ ਗੁਪਤਾ ਦੀ ਅਗਵਾਈ ‘ਚ ਐਸਆਈਟੀ ਬਣਾਈ ਗਈ ਹੈ। ਐਸਆਈਟੀ 31 ਮਈ ਤੱਕ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ਇਸ ਘੁਟਾਲੇ ‘ਚ ਵੱਡੇ ਰਸੂਖਦਾਰਾਂ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।