ਚੰਡੀਗੜ੍ਹ : ਪੂਰੇ ਦੇਸ਼ ਦੀ ਤਰ੍ਹਾਂ ਹਰਿਆਣੇ ਵਿੱਚ ਵੀ ਹੁਣ ਕੋਵਿਡ-19 ਦੇ ਬਹੁਤ ਘੱਟ ਮਾਮਲੇ ਆ ਰਹੇ ਹਨ, ਪਰ ਹਰਿਆਣਾ ਸਰਕਾਰ ਤਾਲਾਬੰਦੀ ਵਿੱਚ ਰਾਹਤ ਦੇਣ ਦੇ ਮੂਡ ਵਿੱਚ ਨਹੀਂ ਹੈ। ਹਰਿਆਣਾ ਦੀ ਖੱਟਰ ਸਰਕਾਰ ਨੇ ਤਾਲਾਬੰਦੀ ਨੂੰ ਇਕ ਹੋਰ ਹਫਤੇ ਲਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਪਰ ਇਸ ਵਾਰ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਗਈ ਹੈ ।
ਹਰਿਆਣਾ ਸਰਕਾਰ ਦੇ ਤਾਜ਼ਾ ਹੁਕਮਾਂ ਅਨੁਸਾਰ ਹੁਣ ਰਾਜ ਵਿਚ 28 ਜੂਨ ਤੱਕ ਤਾਲਾਬੰਦੀ ਰਹੇਗੀ। ਹਾਲਾਂਕਿ ਕੁਝ ਪਾਬੰਦੀਆਂ ਵਿੱਚ ਢਿੱਲ ਦੇ ਕੇ ਲੋਕਾਂ ਨੂੰ ਰਾਹਤ ਵੀ ਪ੍ਰਦਾਨ ਕੀਤੀ ਗਈ ਹੈ ।
- ਨਵੇਂ ਆਦੇਸ਼ਾਂ ਦੇ ਤਹਿਤ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੁੱਲੀਆਂ ਰਹਿ ਸਕਣਗੀਆਂ।
- ਸੂਬੇ ਅੰਦਰ ਮਾਲ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਖੁੱਲ ਸਕਣਗੇ ।
- ਰੈਸਟੋਰੈਂਟ ਅਤੇ ਬਾਰ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਸਵੇਰੇ 10 ਵਜੇ ਤੋਂ ਰਾਤੀਂ 10 ਵਜੇ ਤਕ ਖੁੱਲਣਗੇ।
- ਧਾਰਮਿਕ ਸਥਾਨਾਂ ਤੇ ਇੱਕ ਸਮੇਂ ਇਕੱਠੇ 50 ਲੋਕ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਜਾ ਸਕਣਗੇ।
- ਜਿੰਮ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ 50% ਸਮਰਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
- ਸਪੋਰਟਸ ਕੰਪਲੈਕਸ, ਸਟੇਡੀਅਮ ਸਮਾਜਿਕ ਦੂਰੀ ਅਤੇ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਹੀ ਖੁੱਲਣਗੇ ।