ਹਰਿਆਣਾ : ਹਰਿਆਣਾ ਚ ਪਿਛਲੇ ਕਈ ਦਿਨਾਂ ਤੋਂ ਡਾਕਟਰ ਆਪਣੀਆਂ ਮੰਗ ਨੂੰ ਲੈ ਕੇ ਹੜਤਾਲ ਤੇ ਸਨ। ਸਰਕਾਰ ਨੇ ਹੁਣ ਹੜਤਾਲ ਖਤਮ ਕਰਵਾਉਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਦੱਸ ਦਈਏ ਕਿ ਮੁੱਖ ਮੰਤਰੀ ਨਾਇਬ ਸੈਣੀ ਨੇ ਡਾਕਟਰਾਂ ਦੀ ਹੜਤਾਲ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੀਆਂ ਚਾਰ ਮੁੱਖ ਮੰਗਾਂ ਸਨ, ਜਿਨ੍ਹਾਂ ਵਿੱਚੋਂ ਸਰਕਾਰ ਨੇ ਤਿੰਨ ਨੂੰ ਸਵੀਕਾਰ ਕਰ ਲਿਆ ਹੈ। ਐਸਐਮਓਜ਼ ਲਈ ਸਿੱਧੀ ਭਰਤੀ ਰੋਕ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਸੀਐਮ ਸੈਣੀ ਨੇ ਕਿਹਾ “ਸਰਕਾਰ ਨੇ ਫਿਲਹਾਲ ਐਸਐਮਓਜ਼ ਦੀ ਸਿੱਧੀ ਭਰਤੀ ਦੀ ਮੰਗ ‘ਤੇ ਰੋਕ ਲਗਾ ਦਿੱਤੀ ਹੈ। ਦੂਜੇ ਰਾਜਾਂ ਵਿੱਚ ਮੌਜੂਦ ਪ੍ਰਣਾਲੀਆਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਰਿਪੋਰਟ ਪ੍ਰਾਪਤ ਹੋਣ ਤੱਕ ਰਾਜ ਵਿੱਚ ਐਸਐਮਓਜ਼ ਦੀ ਸਿੱਧੀ ਭਰਤੀ ਮੁਅੱਤਲ ਰਹੇਗੀ। ਏਸੀਪੀ ਢਾਂਚੇ ਵਿੱਚ ਬਦਲਾਅ ਦੀ ਮੰਗ ਨੂੰ ਫਿਲਹਾਲ ਸਵੀਕਾਰ ਨਹੀਂ ਕੀਤਾ ਗਿਆ ਹੈ।”
ਦੱਸ ਦਈਏ ਡਾਕਟਰਾਂ ਨੇ ਸੀਨੀਅਰ ਮੈਡੀਕਲ ਅਫਸਰਾਂ (SMOs) ਦੀ ਸਿੱਧੀ ਭਰਤੀ ਸਮੇਤ ਹੋਰ ਮੰਗਾਂ ਮਨਾਉਣ ਲਈ ਬੁੱਧਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ। ਇਸਤੋਂ ਪਹਿਲਾਂ ਡਾਕਟਰ 8 ਅਤੇ 9 ਦਸੰਬਰ ਨੂੰ ਵੀ ਹੜਤਾਲ ‘ਤੇ ਗਏ ਸਨ। ਸਰਕਾਰ ਨਾਲ ਗੱਲਬਾਤ ਅਸਫਲ ਹੋਣ ਤੋਂ ਬਾਅਦ ਡਾਕਟਰਾਂ ਨੇ ਇਸ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ। ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਡਾਕਟਰਾਂ ‘ਤੇ ESMA ਲਗਾਇਆ ਸੀ।
ਇਸਤੋਂ ਇਲਾਵਾ ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (HCMSA) ਦੇ ਪ੍ਰਧਾਨ ਡਾ. ਰਾਜੇਸ਼ ਖਿਆਲੀ ਨੇ ਕਿਹਾ, “ESMA ਇੱਕ ਜ਼ਰੂਰੀ ਸੇਵਾਵਾਂ ਰੱਖ-ਰਖਾਅ ਐਕਟ ਹੈ। ਸਾਡੀ ਲੜਾਈ ਇਸ ਸੇਵਾ ਨੂੰ ਬਿਹਤਰ ਬਣਾਉਣ ਲਈ ਹੈ। ਅਸੀਂ ਚਾਹੁੰਦੇ ਹਾਂ ਕਿ ਡਾਕਟਰ ਇੱਥੇ ਆਉਣ ਅਤੇ ਘਾਟ ਨੂੰ ਪੂਰਾ ਕਰਨ। ਅਸੀਂ ਤਰੱਕੀਆਂ ਵੀ ਚਾਹੁੰਦੇ ਹਾਂ।”
ਇਸ ਵੇਲੇ ਸਰਕਾਰ ਨੇ ਸੀਨੀਅਰ ਮੈਡੀਕਲ ਅਫਸਰਾਂ ਦੀ ਸਿੱਧੀ ਭਰਤੀ ਦੀ ਸਾਡੀ ਮੰਗ ਨੂੰ ਸਵੀਕਾਰ ਕਰ ਲਿਆ ਹੈ, ਪਰ ਐਸ਼ੋਰਡ ਕਰੀਅਰ ਪ੍ਰੋਗਰੈਸ਼ਨ (ਏਸੀਪੀ) ਦੀ ਸਾਡੀ ਮੰਗ ਨੂੰ ਰੱਦ ਕਰ ਰਹੀ ਹੈ। ਇਹ ਦੋਵੇਂ ਮੁੱਦੇ ਬਹੁਤ ਪੁਰਾਣੇ ਹਨ। ਸਰਕਾਰ ਵਾਅਦੇ ਕਰਨ ਦੇ ਬਾਵਜੂਦ ਵੀ ਪੂਰੇ ਨਹੀਂ ਕਰ ਰਹੀ ਹੈ। ਮੁੱਖ ਮੰਤਰੀ ਨੇ ਇਸਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਵਿੱਤ ਵਿਭਾਗ ਨੇ ਇਸਨੂੰ ਸੂਚਿਤ ਨਹੀਂ ਕੀਤਾ ਹੈ।

