ਚੰਡੀਗੜ੍ਹ: ਖੇਤੀ ਕਾਨੂੰਨ ਖ਼ਿਲਾਫ਼ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਕੂਚ ਕਰ ਦਿੱਤਾ ਹੈ। ਮਾਝਾ, ਮਾਲਵਾ ਅਤੇ ਦੁਆਬਾ ਦੀਆਂ ਕਿਸਾਨ ਜਥੇਬੰਦੀਆਂ ਵੱਡੇ ਕਾਫ਼ਲੇ ਵਿੱਚ ਦਿੱਲੀ ਨੂੰ ਕੂਚ ਕਰ ਰਹੀਆਂ ਹਨ ਪਰ ਇਨ੍ਹਾਂ ਦੇ ਰਾਹ ਵਿੱਚ ਹਰਿਆਣਾ ਪੁਲਿਸ ਅੜਿੱਕਾ ਬਣੀ ਹੈ।
ਹਰਿਆਣਾ ਪੁਲਿਸ ਨੇ ਦਿੱਲੀ ਚੰਡੀਗੜ੍ਹ ਮੁੱਖ ਮਾਰਗ ਤੇ ਸ਼ੰਭੂ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਮੁਹਾਲੀ, ਪਟਿਆਲਾ, ਰਾਜਪੁਰਾ, ਫਤਹਿਗੜ੍ਹ ਸਾਹਿਬ, ਰੋਪੜ ਵਲੋਂ ਨਿਕਲੀਆਂ ਕਿਸਾਨ ਜਥੇਬੰਦੀਆਂ ਨੂੰ ਸ਼ੰਭੂ ਬਾਰਡਰ ਤੇ ਹੀ ਰੋਕ ਦਿੱਤਾ ਹੈ।
ਦੂਜੇ ਪਾਸੇ ਸੰਗਰੂਰ ਜੀਂਦ ਸਰਹੱਦ ਤੇ ਵੀ ਪੁਲਿਸ ਨੇ ਸਖ਼ਤੀ ਵਧਾ ਦਿੱਤੀ ਹੈ। ਸੰਗਰੂਰ ਹਲਕੇ ਅਤੇ ਇੱਥੋਂ ਦੇ ਨਜ਼ਦੀਕੀ ਜ਼ਿਲ੍ਹਿਆਂ ਚੋਂ ਨਿਕਲੇ ਕਿਸਾਨਾਂ ਨੂੰ ਜੀਂਦ ਸਰਹੱਦ ਤੇ ਹੀ ਰੋਕ ਦਿੱਤਾ ਗਿਆ। ਪੁਲੀਸ ਵੱਲੋਂ ਰੋਕੇ ਜਾਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਬੀਤੀ ਰਾਤ ਹੀ ਇਥੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ।
ਸਿਰਸਾ ਬਠਿੰਡਾ ਸਰਹੱਦ ਤੇ ਵੀ ਡੱਬਵਾਲੀ ਨੇੜ੍ਹੇ ਹਰਿਆਣਾ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ। ਪੁਲਿਸ ਨੇ ਰਸਤੇ ਵਿੱਚ ਪੱਥਰ ਲਗਾ ਕੇ ਅਤੇ ਬੈਰੀਕੇਟਿੰਗ ਕਰਕੇ ਕਿਸਾਨਾਂ ਦਾ ਰਾਹ ਰੋਕ ਲਿਆ ਹੈ। ਕਿਸਾਨ ਬਾਜ਼ਿਦ ਨੇ ਕਿ ਉਹ ਦਿੱਲੀ ਨੂੰ ਜਾ ਕੇ ਰਹਿਣਗੇ। ਇੱਥੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹਲਕੀ ਧੱਕਾ ਮੁੱਕੀ ਵੀ ਹੋਈ ਸੀ।