ਸੋਨੀਪਤ ‘ਚ ਆਂਗਣਵਾੜੀ ਵਰਕਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

Global Team
2 Min Read

ਹਰਿਆਣਾ : ਸੋਨੀਪਤ ਜ਼ਿਲ੍ਹੇ ‘ਚ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਔਰਤ ਦੀ ਲਾਸ਼ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਜ਼ਖ਼ਮ ਮਿਲੇ ਹਨ। ਸੂਚਨਾ ਮਿਲਣ ‘ਤੇ ਪੁਲਿਸ, ਐਫਐਸਐਲ ਟੀਮ ਅਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਇਸਨੂੰ ਖਾਨਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਊਸ਼ਾ ਵਜੋਂ ਹੋਈ ਹੈ। ਊਸ਼ਾ ਪਿੰਡ ਵਿੱਚ ਆਂਗਣਵਾੜੀ ਵਰਕਰ ਸੀ ਅਤੇ ਕਾਫ਼ੀ ਸਮੇਂ ਤੋਂ ਪਿੰਡ ਵਿੱਚ ਆਂਗਣਵਾੜੀ ਵਰਕਰ ਵਜੋਂ ਕੰਮ ਕਰ ਰਹੀ ਸੀ।

ਮ੍ਰਿਤਕ ਊਸ਼ਾ ਦੇ ਪਤੀ ਰਾਮਨਿਵਾਸ ਨੇ ਮੋਹਨਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਸੋਨੀਪਤ ਦੇ ਮਯੂਰ ਵਿਹਾਰ ਵਿੱਚ ਇੱਕ ਘਰ ਬਣਾ ਰਹੇ ਹਨ ਅਤੇ ਸੋਨੀਪਤ ਬਾਈਪਾਸ ‘ਤੇ ਆਪਣੇ ਪਰਿਵਾਰ ਨਾਲ ਕਿਰਾਏ ‘ਤੇ ਰਹਿ ਰਿਹਾ ਹੈ। ਰਾਮਨਿਵਾਸ ਨੇ ਦੱਸਿਆ ਕਿ ਉਸਦੀ ਪਤਨੀ ਊਸ਼ਾ, ਵੀਰਵਾਰ ਦੁਪਹਿਰ ਲਗਭਗ 2 ਵਜੇ ਪਿੰਡ, ਸਲੀਮਪੁਰ ਟਰਾਲੀ ਵਿੱਚ ਬਣੇ ਇਕ ਪੁਰਾਣੇ ਘਰ ‘ਚ ਆਟਾ ਚੱਕੀ ਤੇ ਕਣਕ ਪਿਸਵਾਉਣ ਗਈ ਸੀ। ਉਹ ਸ਼ਾਮ 4 ਵਜੇ ਤੱਕ ਵਾਪਸ ਨਹੀਂ ਆਈ ਅਤੇ ਨਾ ਹੀ ਫ਼ੋਨ ਚੁੱਕਿਆ। ਜਿਸ ਕਾਰਨ ਸਾਰੇ ਚਿੰਤਿਤ ਹੋ ਗਏ। ਇਸ ਦੌਰਾਨ ਉਹ ਜਦ ਆਟਾ ਚੱਕੀ ਵਾਲੇ ਘਰ ਪੁੱਜੇ ਤੇ ਦਰਵਾਜ਼ਾ ਖੋਲ੍ਹਿਆ ਤਾਂ ਊਸ਼ਾ ਫਰਸ਼ ‘ਤੇ ਪਈ ਮਿਲੀ, ਜੋ ਖੂਨ ਨਾਲ ਲੱਥਪੱਥ ਸੀ।

ਜਿਸ ਤੋਂ ਬਾਅਦ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਲਈ ਐਫਐਸਐਲ ਟੀਮ ਨੂੰ ਬੁਲਾਇਆ। ਪੁਲਿਸ ਅਤੇ ਐਫਐਸਐਲ ਟੀਮ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਊਸ਼ਾ ਦੇ ਸਿਰ, ਚਿਹਰੇ ਅਤੇ ਹੱਥਾਂ ‘ਤੇ ਤੇਜ਼ ਅਤੇ ਭਾਰੀ ਹਥਿਆਰਾਂ ਨਾਲ ਗੰਭੀਰ ਸੱਟਾਂ ਸਨ। ਮ੍ਰਿਤਕ ਦੀ ਸੋਨੇ ਦੀ ਚੇਨ, ਕੰਨਾਂ ਦੀਆਂ ਵਾਲੀਆਂ ਅਤੇ ਅੰਗੂਠੀ ਜੋ ਊਸ਼ਾ ਦੇ ਪਾਈ ਹੋਈ ਸੀ, ਗਾਇਬ ਮਿਲੇ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਅਣਪਛਾਤੇ ਸ਼ੱਕੀਆਂ ਨੇ ਲੁੱਟ ਦੇ ਇਰਾਦੇ ਨਾਲ ਇਹ ਕਤਲ ਕੀਤਾ ਹੈ। ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਬਿਆਨਾਂ ਦੇ ਆਧਾਰ ‘ਤੇ ਐਫਆਈਆਰ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Share This Article
Leave a Comment