ਮੋਗਾ: ਜ਼ਿਲ੍ਹੇ ਦੇ ਪਿੰਡ ਹਰੀਏਵਾਲਾ ਦੇ ਰਹਿਣ ਵਾਲੇ ਹਰਪ੍ਰੀਤ ਬਰਾੜ ਨੇ ਆਈਪੀਐਲ 2021 ‘ਚ ਬਾ ਕਮਾਲ ਪ੍ਰਦਰਸ਼ਨ ਕਰਕੇ ਆਪਣੇ ਪਿੰਡ ਸਣੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਖੁਸ਼ੀ ਵਿੱਚ ਹਰਪ੍ਰੀਤ ਦੇ ਘਰ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਵੱਡੀ ਗਿਣਤੀ ਵਿੱਚ ਲੋਕ ਹਰਪ੍ਰੀਤ ਦੇ ਘਰ ਆ ਕੇ ਉਸ ਦੇ ਪਿਤਾ-ਮਾਤਾ ਤੇ ਦਾਦੀ ਨੂੰ ਵਧਾਈਆਂ ਦੇ ਰਹੇ ਹਨ।
ਇਸ ਮੌਕੇ ਤੇ ਹਰਪ੍ਰੀਤ ਬਰਾੜ ਦੇ ਪਿਤਾ ਮਹਿੰਦਰ ਸਿੰਘ ਬਰਾੜ ਨੇ ਕਿਹਾ ਕਿ, ‘ਮੈਨੂੰ ਮੇਰੇ ਹੋਣਹਾਰ ਪੁੱਤਰ ‘ਤੇ ਮਾਣ ਹੈ, ਉਸਦੀ ਮਿਹਨਤ ਨੇ ਅੱਜ ਰੰਗ ਲਿਆਂਦਾ ਹੈ। ਉਹ ਦਿਨ ਦੂਰ ਨਹੀਂ ਜਿਸ ਦਿਨ ਉਹ ਇੰਡੀਅਨ ਕ੍ਰਿਕਟ ਟੀਮ ਦੀ ਕਪਤਾਨੀ ਕਰੇਗਾ।’
ਇਸ ਤੋਂ ਇਲਾਵਾ ਹਰਪ੍ਰੀਤ ਬਰਾੜ ਦੇ ਵਧੀਆ ਪ੍ਰਦਰਸ਼ਨ ਕਰਨ ‘ਤੇ ਬਜ਼ੁਰਗ ਦਾਦੀ ਨੇ ਕਿਹਾ, ‘ਮੈਂ ਆਪਣੇ ਪੋਤੇ ਵੱਲੋਂ ਖੇਡੀ ਗੇਮ ਨੂੰ ਟੀਵੀ ‘ਤੇ ਦੇਖ ਕੇ ਬਹੁਤ ਖੁਸ਼ ਹੁੰਦੀ ਹਾਂ। ਅੱਜ ਮੇਰੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਮੇਰੇ ਪੋਤੇ ਨੇ ਮੇਰੇ ਪਿੰਡ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਬਜ਼ੁਰਗ ਦਾਦੀ ਨੇ ਕਿਹਾ ਕਿ ਹੁਣ ਮੇਰੀ 10 ਸਾਲ ਉਮਰ ਹੋਰ ਵਧ ਗਈ ਹੈ ਕਿਉਂਕਿ ਉਹ ਖ਼ੁਸ਼ੀ ਨੇ ਮੈਨੂੰ ਮੁੜ ਤੋਂ ਜਵਾਨ ਕਰ ਦਿੱਤਾ ਹੈ।’
ਉੱਥੇ ਹੀ ਹਰਪ੍ਰੀਤ ਦੇ ਘਰ ਪਰਿਵਾਰ ਨੂੰ ਵਧਾਈ ਦੇਣ ਪੁੱਜੇ ਪਿੰਡ ਵਾਸੀਆਂ ਨੇ ਕਿਹਾ ਕਿ, ‘ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਦੋਂ ਸਾਡੇ ਪਿੰਡ ਦੇ ਹੋਣਹਾਰ ਹਰਪ੍ਰੀਤ ਬਰਾੜ ਨੇ ਆਈਪੀਐਲ ਮੈਚਾਂ ‘ਚ ਵਧੀਆ ਪ੍ਰਦਰਸ਼ਨ ਕਰਕੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਹਰਪ੍ਰੀਤ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਹਰਪ੍ਰੀਤ ਬਰਾੜ ਨੇ ਇੱਕ ਪਿੰਡ ‘ਚੋਂ ਉੱਠ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।’