ਜਗਤਾਰ ਸਿੰਘ ਸਿੱਧੂ;
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਥੀ ਵਾਰ ਪ੍ਰਧਾਨ ਚੁਣੇ ਗਏ। ਧਾਮੀ 107 ਵੋਟਾਂ ਲੈ ਕੇ ਜੇਤੂ ਰਹੇ ਜਦੋਂ ਕਿ ਉਨਾਂ ਦੇ ਵਿਰੋਧੀ ਬੀਬੀ ਜਗੀਰ ਕੌਰ ਨੂੰ ਤੇਤੀ ਵੋਟ ਮਿਲੇ । ਇਸ ਤਰਾਂ ਜਿਥੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਦ ਐਡਵੋਕੇਟ ਧਾਮੀ ਇਕ ਮਜਬੂਤ ਆਗੂ ਵਜੋਂ ਉੱਭਰਕੇ ਸਾਹਮਣੇ ਆਏ ਹਨ ਉਥੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੂੰ ਤਕੜਾ ਝਟਕਾ ਲੱਗਾ ਹੈ ਕਿਉਂ ਜੋ ਉਹ ਆਪਣੇ ਦਾਅਵਿਆਂ ਤੋਂ ਬਹੁਤ ਪਛੜੇ ਹੀ ਨਹੀਂ ਸਗੋਂ ਬੀਬੀ ਜਗੀਰ ਕੌਰ ਨੂੰ ਪਿਛਲੇ ਮੁਕਾਬਲੇ ਨਾਲੋਂ ਵੀ ਦਸ ਵੋਟਾਂ ਘੱਟ ਮਿਲੀਆਂ ਹਨ।
ਜਿੱਤ ਬਾਦ ਐਡਵੋਕੇਟ ਧਾਮੀ ਨੇ ਜਨਰਲ ਹਾਊਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਫਤਵੇ ਨੇ ਪੰਥ ਵਿਰੋਧੀ ਸ਼ਕਤੀਆਂ ਦੀ ਸਾਜਿਸ਼ ਨੂੰ ਪਛਾੜ ਦਿਤਾ ਹੈ। ਉਨਾਂ ਨੇ ਪੰਥ ਵਿਰੋਧੀ ਸ਼ਕਤੀਆਂ ਦਾ ਮਿਲ ਕੇ ਟਾਕਰਾ ਕਰਨ ਦਾ ਸੱਦਾ ਦਿਤਾ। ਖਾਸ ਤੌਰ ਤੇ ਕਿਹਾ ਗਿਆ ਕਿ ਆਪ, ਭਾਜਪਾ ਅਤੇ ਆਰ ਐਸ ਵਲੋਂ ਸਿੱਧੇ ਤੌਰ ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਐਡਵੋਕੇਟ ਧਾਮੀ ਵਲੋਂ ਜਿਤ ਬਾਦ ਪੇਸ਼ ਕੀਤੇ ਮਤਿਆਂ ਦਾ ਵੀ ਨੋਟਿਸ ਲੈਣਾ ਬਣਦਾ ਹੈ ਕਿਉਂ ਜੋ ਉਨਾਂ ਨੇ ਵੱਡੇ ਧਾਰਮਿਕ ਮਾਮਲਿਆਂ ਵਿਚ ਕੇਂਦਰ ਅਤੇ ਸੂਬਾ ਸਰਕਾਰ ਨੂੰ ਦਖਲ ਵਿਰੁੱਧ ਚਿਤਾਵਨੀ ਦਿਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਚੋਣ ਲਈ ਮੁਕਾਬਲਾ ਸਿੱਧੇ ਤੌਰ ਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਚਕਾਰ ਸੀ। ਸਵੇਰੇ ਬਾਰਾਂ ਵਜੇ ਹਾਊਸ ਦੀ ਕਾਰਵਾਈ ਸ਼ੁਰੂ ਹੋਈ ਅਤੇ ਤਕਰੀਬਨ ਦੋ ਵਜੇ ਤੱਕ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ ਸੀ। ਕੁਲ 142 ਮੈਂਬਰਾਂ ਨੇ ਪ੍ਰਧਾਨਗੀ ਲਈ ਵੋਟ ਪਾਈ। ਪ੍ਰਧਾਨਗੀ ਲਈ ਦੋਹਾਂ ਧਿਰਾਂ ਦੇ ਜਿੱਤ ਦੇ ਵੱਡੇ ਦਾਅਵੇ ਕੀਤੇ ਗਏ। ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ ਜਦੋਂ ਕਿ ਬੀਬੀ ਜਗੀਰ ਕੌਰ ਦੀ ਹਮਾਇਤ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਕਰ ਰਹੇ ਸਨ।
ਅਹਿਮ ਮਾਮਲਿਆਂ ਦਾ ਜਿਕਰ ਕਰਦੇ ਹੋਏ ਪ੍ਰਧਾਨ ਧਾਮੀ ਨੇ ਕਿਹਾ ਕਿ ਸਿੱਖ ਵਿਰੋਧੀ ਸਰਕਾਰਾਂ ਦੇ ਏਜੰਡੇ ਦਾ ਡੱਟ ਕੇ ਟਾਕਰਾ ਕੀਤਾ ਜਾਵੇਗਾ। ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਉੱਪਰ ਸਿੱਖਾਂ ਵਿਰੁਧ ਨਫਰਤੀ ਟਿੱਪਣੀਆਂ ਅਤੇ ਨਫਰਤੀ ਪ੍ਰਚਾਰ ਨੂੰ ਸਖਤੀ ਨਾਲ ਰੋਕਿਆ ਜਾਵੇ। ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿਚ ਡੇਰਾ ਸਿਰਸਾ ਮੁੱਖੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਸਚਾਈ ਸਾਹਮਣੇ ਲਿਆੳਣ ਦੀ ਮੰਗ ਕੀਤੀ ਗਈ ਹੈ।
ਜਨਰਲ ਹਾਊਸ ਨੇ ਮਤਾ ਕਰਕੇ ਕੰਗਨਾ ਰਣੌਤ ਦੀ ਐਮਰਜੈਂਸੀ ਫਿਲਮ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਅੱਜ ਦੀ ਜਿੱਤ ਨੇ ਇਹ ਵੀ ਸੁਨੇਹਾ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਸਿੱਖ ਮਾਮਲਿਆਂ ਲਈ ਵਧੇਰੇ ਮਜਬੂਤੀ ਨਾਲ ਪਹਿਰੇਦਾਰੀ ਕਰੇਗੀ। ਮਤੇ ਵਿਚ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਲਈ ਪਾਕਿਸਤਾਨ ਅਤੇ ਭਾਰਤ ਸਰਕਾਰ ਵਲੋਂ ਦਰਸ਼ਨਾਂ ਲਈ ਪੰਜ ਸਾਲ ਦਾ ਸਮਾ ਵਧਾਉਣ ਲਈ ਧੰਨਵਾਦ ਕੀਤਾ।
ਅੱਜ ਦੀ ਚੋਣ ਵਿਚ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ, ਗੁਰਪ੍ਰੀਤ ਸਿੰਘ ਝੱਬਰ ਮੀਤ ਪ੍ਰਧਾਨ ਅਤੇ ਮਹਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਬਣੇ ਹਨ।। ਸ਼ੇਰ ਸਿੰਘ ਮੰਡ ਜਨਰਲ ਸਕਤਰ,ਕੁਲਵੰਤ ਸਿੰਘ ਜਲੰਧਰ ਆਨਰੇਰੀ ਜਨਰਲ ਸਕਤਰ ਬਣੇ ਹਨ।
ਸੰਪਰਕ:9814002186