ਹਮਾਸ ‘ਚ 8 ਲੋਕਾਂ ਨੂੰ ਸਜ਼ਾ-ਏ-ਮੌਤ, ਅੱਖਾਂ ‘ਤੇ ਪੱਟੀ ਬੰਨ੍ਹ ਕੇ ਸੜਕ ’ਤੇ ਮਾਰੀਆ ਗੋਲੀਆਂ

Global Team
2 Min Read

ਨਿਊਜ਼ ਡੈਸਕ ਹਮਾਸ ਨੇ ਗਾਜ਼ਾ ਵਿੱਚ ਸੜਕ ਉੱਤੇ 8 ਲੋਕਾਂ ਨੂੰ ਗੋਲੀ ਮਾਰ ਦਿੱਤੀ ਹੈ। ਇਹ ਲੋਕ ਅੱਖਾਂ ਤੇ ਪੱਟੀ ਬੰਨ੍ਹੇ ਅਤੇ ਘੁੱਟਨਾਂ ਤੇ ਬੈਠੇ ਹੋਏ ਸਨ। ਹਮਾਸ ਨੇ ਇਸ ਦੀ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਇਨ੍ਹਾਂ ਨੂੰ ਇਜ਼ਰਾਈਲੀ ਸਮਰਥਕ ਅਤੇ ਦੇਸ਼ਧ੍ਰੋਹੀ ਦੱਸਕੇ ਮੌਤ ਦੀ ਸਜ਼ਾ ਸੁਣਾਈ ਗਈ। ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ। ਉਸੇ ਸਮੇਂ ਗਾਜ਼ਾ ਦੇ ਕੁਝ ਇਲਾਕਿਆਂ ਵਿੱਚ ਹਮਾਸ ਸੁਰੱਖਿਆ ਬਲਾਂ ਅਤੇ ਹਥਿਆਰਬੰਦ ਪਰਿਵਾਰਾਂ ਵਿਚਕਾਰ ਝੜਪਾਂ ਵੀ ਹੋਈਆਂ।

ਫਿਲਿਸਤੀਨੀ ਅਥਾਰਟੀ (ਪੀਏ) ਨੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਪੀਏ ਨੇ ਕਿਹਾ ਕਿ ਗਾਜ਼ਾ ਵਿੱਚ ਹਮਾਸ ਵੱਲੋਂ ਬਿਨਾਂ ਕਾਨੂੰਨੀ ਕਾਰਵਾਈ ਤੋਂ ਲੋਕਾਂ ਨੂੰ ਮਾਰਨਾ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਗਾਜ਼ਾ ਦੇ ਵਿਗੜਦੇ ਹਾਲਾਤਾਂ ਨੂੰ ਸੁਧਾਰਨ ਲਈ ਸਹੀ ਅਤੇ ਕਾਨੂੰਨੀ ਲੀਡਰਸ਼ਿਪ ਦੀ ਲੋੜ ਹੈ। ਇਹ ਸਭ ਹਮਾਸ-ਇਜ਼ਰਾਈਲ ਵਿਚਾਲੇ ਯੁੱਧ ਵਿਰਾਮ ਦੇ ਦੌਰਾਨ ਵਾਪਰਿਆ।

ਹਮਾਸ ਪੁਲਿਸ ਗਾਜ਼ਾ ਵਿੱਚ ਫਿਰ ਸਰਗਰਮ

ਇਜ਼ਰਾਈਲੀ ਫੌਜ ਦੇ ਗਾਜ਼ਾ ਸ਼ਹਿਰ ਤੋਂ ਹਟਣ ਤੋਂ ਬਾਅਦ ਹਮਾਸ ਪੁਲਿਸ ਸੜਕਾਂ ਤੇ ਵਾਪਸ ਨਜ਼ਰ ਆ ਰਹੀ ਹੈ। ਸੋਮਵਾਰ ਨੂੰ ਇਜ਼ਰਾਈਲੀ ਜੇਲ੍ਹਾਂ ਤੋਂ ਰਿਹਾਅ ਹੋਏ ਕੈਦੀਆਂ ਨੂੰ ਗਾਜ਼ਾ ਲਿਆਂਦਾ ਗਿਆ। ਉਸ ਵੇਲੇ ਹਮਾਸ ਦੇ ਅਲ-ਕਾਸਮ ਬ੍ਰਿਗੇਡ ਨੇ ਭੀੜ ਨਿਯੰਤਰਣ ਲਈ ਜਵਾਨ ਭੇਜੇ। ਹਮਾਸ ਸੁਰੱਖਿਆ ਟੀਮ ਨੇ ਇਜ਼ਰਾਈਲ ਨਾਲ ਜੁੜੇ ਸ਼ੱਕੀ ਪਰਿਵਾਰਾਂ ਅਤੇ ਗਰੋਹਾਂ ਵਿਰੁੱਧ ਮੁਹਿੰਮ ਵੀ ਚਲਾਈ।

ਗਾਜ਼ਾ ਵਾਸੀਆਂ ਦਾ ਕੀ ਕਹਿਣਾ?

ਇੱਕ ਵਾਸੀ ਨੇ ਕਿਹਾ ਕਿ ਉੱਥੇ ਲੜਾਈ ਚੱਲ ਰਹੀ ਹੈ ਅਤੇ ਹਮਾਸ ਫਿਲਿਸਤੀਨ ਵਿਰੋਧੀ ਗਤੀਵਿਧੀਆਂ ਵਾਲੇ ਲੋਕਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਵਾਸੀ ਮੁਹੰਮਦ ਨੇ ਦੱਸਿਆ ਕਿ ਸ਼ੁਜਾਈਆ ਇਲਾਕੇ ਵਿੱਚ ਹਮਾਸ ਬਲਾਂ ਅਤੇ ਹਿਲੇਸ ਪਰਿਵਾਰ ਵਿਚਕਾਰ ਭਾਰੀ ਗੋਲੀਬਾਰੀ ਹੋਈ, ਜੋ ਇਜ਼ਰਾਈਲ ਸਰਹੱਦ ਨੇੜੇ ਹੈ। ਉਸ ਨੇ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਹਮਾਸ ਕਾਰਵਾਈ ਦਾ ਸਮਰਥਨ ਕੀਤਾ। ਗਾਜ਼ਾ ਦੇ ਇੱਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਹਮਾਸ ਦੀ ਨਵੀਂ ਡਿਟਰੈਂਸ ਫੋਰਸ ਗਾਜ਼ਾ ਵਿੱਚ ਸੁਰੱਖਿਆ ਬਣਾਈ ਰੱਖਣ ਲਈ ਕੰਮ ਕਰ ਰਹੀ ਹੈ। ਇਸੇ ਵੇਲੇ ਇਜ਼ਰਾਈਲ ਪ੍ਰਧਾਨ ਮੰਤਰੀ ਬੈਂਜਾਮਿਨ ਨੈਤਾਨਿਆਹੂ ਨੇ ਕਿਹਾ ਕਿ ਅਮਰੀਕਾ ਦੀ ਯੋਜਨਾ ਸਪੱਸ਼ਟ ਹੈ ਪਹਿਲਾਂ ਹਮਾਸ ਨੂੰ ਹਥਿਆਰ ਛੱਡਣੇ ਪੈਣਗੇ, ਫਿਰ ਗਾਜ਼ਾ ਵਿੱਚ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਕਰਨੀਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣੀ ਹੋਵੇਗੀ।

Share This Article
Leave a Comment