ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀਆਂ ‘ਚੋਂ ਇੱਕ ਤੇ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਪਾਕਿਸਤਾਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਤਵਾਦੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ (CTD) ਨੇ ਲਾਹੌਰ ਤੋਂ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਹਾਫਿਜ਼ ਅੱਤਵਾਦ ਵਿਰੋਧੀ ਅਦਾਲਤ ‘ਚ ਪੇਸ਼ ਹੋਣ ਲਈ ਗੁਜਰਾਂਵਾਲ ਜਾ ਰਿਹਾ ਸੀ।
ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ (CTD) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਫਿਜ਼ ਸਈਦ ਨੂੰ ਅੱਤਵਾਦ ਵਿਰੋਧੀ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਨੇ ਅੱਗੇ ਕਿਹਾ, ਹਾਫਿਜ਼ ਦੇ ਖਿਲਾਫ ਜਲਦ ਹੀ ਚਾਰਜਸ਼ੀਟ ਦਰਜ ਕਰ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ।
ਦੱਸ ਦੇਈਏ ਅੱਤਵਾਦੀ ਹਾਫਿਜ਼ ਸਈਦ ਦੀ ਗ੍ਰਿਫਤਾਰੀ ਅੱਤਵਾਦੀ ਫੰਡਿੰਗ ਦੇ ਦੋਸ਼ ‘ਚ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਇਹ ਕਾਰਵਾਈ ਸਿਰਫ ਦਿਖਾਵਾ ਹੈ। ਪਾਕਿਸਤਾਨ ਸਰਕਾਰ ਦੇ ਇਸ ਕਦਮ ਨੂੰ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਦਬਾਅ ਦਾ ਨਤੀਜਾ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਨੂੰ ਐੱਫਏਟੀਐੱਫ ਵਲੋਂ ਬਲੈਕ ਲਿਸਟ ਹੋਣ ਦਾ ਡਰ ਸਤਾ ਰਿਹਾ ਹੈ।
ਉੱਥੇ ਹੀ ਸਰਕਾਰੀ ਵਕੀਲ ਉੱਜਵਲ ਨਿਕਮ ਨੇ ਹਾਫਿਜ਼ ਦੀ ਗ੍ਰਿਫਤਾਰੀ ਨੂੰ ਪਾਕਿਸਤਾਨ ਦਾ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੁਨੀਆ ਨੂੰ ਮੂਰਖ ਬਣਾ ਰਿਹਾ ਹੈ ਕਿ ਉਸਨੇ ਹਾਫਿਜ਼ ਸਈਦ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਨੂੰ ਹੁਣ ਇਹ ਵੇਖਣਾ ਹੋਵੇਗਾ ਕਿ ਹਾਫਿਜ਼ ਸਈਦ ਨੂੰ ਦੋਸ਼ੀ ਠਹਿਰਾਉਣ ਲਈ ਪਾਕਿਸਤਾਨ ਅਦਾਲਤ ‘ਚ ਕਿਵੇਂ ਸਬੂਤ ਪੇਸ਼ ਕਰਦਾ ਹੈ ।
26/11 ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਲਾਹੌਰ ਤੋਂ ਗ੍ਰਿਫਤਾਰ

Leave a Comment
Leave a Comment