ਅੰਮ੍ਰਿਤਸਰ :- ਉਚੇਰੀ ਸਿਖਿਆ ਦੇ ਖੇਤਰ ‘ਚ ਕੌਮੀ ਤੇ ਕੌਮਾਂਤਰੀ ਮਿਆਰਾਂ ਨੂੰ ਬਰਕਰਾਰ ਰੱਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਸਾਲ ਵੀ ਉੱਚਾ ਸਥਾਨ ਬਣਾਈ ਰੱਖਿਆ ਹੈ। ਸੰਸਾਰ ਪੱਧਰ ‘ਤੇ ਮੁਲਾਂਕਣ ਕਰਨ ਵਾਲੀ ਏਜੰਸੀ ‘ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ’ ਨੇ 2020-21 ਦੇ ਜੋ ਨਤੀਜਿਆਂ ਦਾ ਐਲਾਨ ਕੀਤਾ ਹੈ ਉਸ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੰਸਾਰ ਦੀਆਂ ਸਿਖਰਲੀਆਂ ਨੌਂ ਫੀਸਦੀ ਯੂਨੀਵਰਸਿਟੀਆਂ ‘ਚ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਇਸ ਦਰਜੇ ‘ਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਦਾ ਪਹਿਲਾ ਤੇ ਉਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਦਾ ਨਾਂ ਆਉਂਦਾ ਹੈ। ਇਹ ਏਜੰਸੀ ਜਿਨ੍ਹਾਂ ਪੈਰਾਮੀਟਰਾਂ ‘ਤੇ ਸਾਲਾਨਾ ਮੁਲਾਂਕਣ ਕਰਦੀ ਹੈ ਉਨ੍ਹਾਂ ‘ਚ ਸਿੱਖਿਆ ਦੀ ਗੁਣਵੱਤਾ, ਸਾਬਕਾ ਵਿਦਿਆਰਥੀਆਂ ਨੂੰ ਮਿਲੇ ਰੋਜ਼ਗਾਰ, ਅਧਿਆਪਕਾਂ ਦੀ ਗੁਣਵੱਤਾ, ਖੋਜ ‘ਚ ਕੀਤੇ ਗਏ ਕੰਮ ਤੇ ਮਿਆਰ ਆਦਿ ਸ਼ਾਮਲ ਹਨ।
ਇਸ ਬਾਰੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੇ ਕਰੋਨਾ ਕਾਲ ਦੇ ਇਨ੍ਹਾਂ ਚੁਣੌਤੀਪੂਰਨ ਹਾਲਾਤ ‘ਚ ਜਿੱਥੇ ਵਿਦਿਆਰਥੀਆਂ ਤੇ ਅਧਿਆਪਕਾਂ ‘ਚ ਉੱਚ ਪਾਏ ਦਾ ਸੰਤੁਲਨ ਬਣਾ ਕੇ ਰੱਖਿਆ ਹੈ। ਪ੍ਰੋ. ਸੰਧੂ ਨੇ ਕਿਹਾ ਕਿ ਵਿਦਿਅਕ, ਖੋਜ, ਖੇਡਾਂ ਤੇ ਸਹਿ ਪਾਠਕ੍ਰਮ ਦੀਆਂ ਗਤੀਵਿਧੀਆਂ ਦੇ ਸੰਤੁਲਤ ਵਿਕਾਸ ਲਈ ਲਗਾਤਾਰ ਯੂਨੀਵਰਸਿਟੀ ਦੇ ਮਿਹਨਤੀ ਸਟਾਫ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਬਦੌਲਤ ਇਹ ਮੁਕਾਮ ਹਾਸਿਲ ਹੋਇਆ ਹੈ।