-ਅਵਤਾਰ ਸਿੰਘ
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਕਰਤਾਰ ਸਾਹਿਬ ਦੀ ਧਰਤੀ ‘ਤੇ ਖੇਤੀ ਕੀਤੀ ਅਤੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ। ਇਸ ਧਰਤੀ ਨੂੰ ਕੁਲ ਜਹਾਨ ਵਿਚ ਵਸਦੇ ਨਾਨਕ ਨਾਮ ਲੇਵਾ ਸ਼ਰਧਾਲੂ ਨਤਮਸਤਕ ਹੋਣ ਦੀ ਤਾਂਘ ਵਿੱਚ ਹਨ। 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿਚ ਜੋ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਦਰਸ਼ਨ ਕਰਕੇ ਪਰਤ ਰਹੇ ਹਨ ਉਹ ਆਪਣੇ ਆਪ ਨੂੰ ਵਡਭਾਗੇ ਕਹਿ ਰਹੇ ਹਨ। ਸ਼ਰਧਾਲੂਆਂ ਦੇ ਮਨਾਂ ‘ਚ ਅਥਾਹ ਸ਼ਰਧਾ ਹੈ। ਸ਼ਰਧਾਲੂ ਬਾਬਾ ਨਾਨਕ ਦੀ ਚਰਨ ਛੋਹ ਧਰਤੀ ਦੀ ਮਿੱਟੀ ਲੈ ਕੇ ਆ ਰਹੇ ਹਨ। ਪਰ ਭਾਰਤ-ਪਾਕਿਸਤਾਨ ਦੀਆਂ ਸਰਹੱਦਾਂ ਹੋਣ ਕਾਰਨ ਇਥੇ ਤਾਇਨਾਤ ਸਰਕਾਰੀ ਅਧਿਕਾਰੀ ਇਸ ਮਿੱਟੀ ਉੱਪਰ ਵੀ ਕਰੜੀ ਨਜ਼ਰ ਰੱਖ ਰਹੇ ਹਨ। ਉਹਨਾਂ ਨੂੰ ਇਸ ਮਿੱਟੀ ਦੀ ਸ਼ਰਧਾ ਬਾਰੇ ਘੱਟ ਹੀ ਗਿਆਨ ਲੱਗਦਾ ਹੈ।
ਸਰਹੱਦਾਂ ’ਤੇ ਡਿਊਟੀ ਦੇ ਰਹੇ ਕਸਟਮ ਅਧਿਕਾਰੀ ਆਮ ਤੌਰ ’ਤੇ ਕੀਮਤੀ ਚੀਜ਼ਾਂ ’ਤੇ ਹੀ ਨਜ਼ਰ ਰੱਖਦੇ ਹਨ। ਕਸਟਮ ਅਧਿਕਾਰੀਆਂ ਦਾ ਸੋਨਾ, ਚਾਂਦੀ, ਹੀਰਿਆਂ ਅਤੇ ਹੋਰ ਕੀਮਤੀ ਚੀਜ਼ਾਂ ਦੀ ਤਸਕਰੀ ’ਤੇ ਵੀ ਨਜ਼ਰ ਹੁੰਦੀ ਹੈ ਪਰ ਕਰਤਾਰਪੁਰ ਲਾਂਘੇ ਰਾਹੀਂ ਪਰਤਣ ਵਾਲੇ ਸ਼ਰਧਾਲੂਆਂ ਦਾ ਸਾਮਾਨ ਚੈੱਕ ਕਰਨ ਲੱਗਿਆਂ ਕਸਟਮ ਅਫਸਰ ਉਨ੍ਹਾਂ ਦੇ ਸਾਮਾਨ ਵਿਚੋਂ ਮਿੱਟੀ ਲੱਭਦੇ ਹਨ। ਕਸਟਮ ਅਧਿਕਾਰੀ ਉਨ੍ਹਾਂ ਨੂੰ ਪੁੱਛ ਲੈਂਦੇ ਹਨ ਕਿ ਕਿਤੇ ਉਹ ਮਿੱਟੀ ਤਾਂ ਨਹੀਂ ਲੈ ਕੇ ਆਏ। ਜਿਹੜੇ ਸ਼ਰਧਾਲੂਆਂ ਦੇ ਸਾਮਾਨ ਵਿਚੋਂ ਮਿੱਟੀ ਮਿਲਦੀ ਹੈ ਉਨ੍ਹਾਂ ਨੂੰ ਇਹ ਅਧਿਕਾਰੀ ਸੁੰਘ-ਸੁੰਘ ਕੇ ਚੈੱਕ ਕਰਦੇ ਹਨ। ਕਸਟਮ ਅਧਿਕਾਰੀ ਮਿੱਟੀ ਨੂੰ ਵਾਰ-ਵਾਰ ਹੱਥ ਲਾ ਕੇ ਮਲਦੇ ਹਨ, ਫਿਰ ਉਹ ਕਈ ਵਾਰ ਸੁੰਘਦੇ ਹਨ ਪਰ ਉਹ ਸ਼ਰਧਾਲੂਆਂ ਵੱਲੋਂ ਮਿੱਟੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੰਦੇ।
ਸ਼ੁਰੂ ਵਿਚ ਆਏ ਜਥਿਆਂ ’ਚ ਪਰਤੇ ਜਿਹੜੇ ਸ਼ਰਧਾਲੂਆਂ ਕੋਲ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਸੀ ਉਨ੍ਹਾਂ ਨੂੰ ਖਾਸ ਤੌਰ ‘ਤੇ ਪੁੱਛਿਆ ਜਾਂਦਾ ਸੀ ਕਿ ਉਹ ਮਿੱਟੀ ਕਿਉਂ ਲੈ ਕੇ ਆਏ ਹਨ। ਹੋਰ ਜਿਹੜੇ ਮਿੱਟੀ ਲੈ ਕੇ ਆਏ ਸਨ ਉਨ੍ਹਾਂ ਦਾ ਇਹ ਕਹਿਣਾ ਸੀ ਕਿ 72 ਸਾਲਾਂ ਤੋਂ ਉਹ ਇਸ ਮਿੱਟੀ ਨੂੰ ਹੀ ਸਿਜਦਾ ਕਰਨ ਲਈ ਤਰਸ ਰਹੇ ਹਨ, ਹੁਣ ਜਦੋਂ ਅਰਦਾਸਾਂ ਨੂੰ ਬੂਰ ਪਿਆ ਹੈ ਤੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ ਤਾਂ ਉੱਥੇ ਉਹ ਬਾਬੇ ਦੇ ਖੇਤਾਂ ਦੀ ਮਿੱਟੀ ਵੀ ਲਿਆ ਰਹੇ ਹਨ। ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਇਹ ਮਿੱਟੀ ਸੋਨੇ, ਚਾਂਦੀ ਅਤੇ ਹੀਰਿਆਂ ਮੋਤੀਆਂ ਤੋਂ ਵੀ ਕੀਮਤੀ ਹੈ।
ਇਕ ਸ਼ਰਧਾਲੂ ਨੇ ਦੱਸਿਆ ਕਿ ਅਸਲ ਵਿਚ ਸਰਕਾਰਾਂ ਮਿੱਟੀ ਨਾਲ ਜੁੜੇ ਹੋਏ ਕਿਰਤੀਆਂ ਤੋਂ ਹਮੇਸ਼ਾ ਡਰਦੀਆਂ ਰਹੀਆਂ ਹਨ। ਜਿਹੜੇ ਹਾਕਮ ਮਿੱਟੀ ਤੋਂ ਹੀ ਡਰਦੇ ਉਸ ਨੂੰ ਇਸ ਦੇ ਅਸਲ ਅਰਥਾਂ ਦਾ ਪਤਾ ਹੈ ਕਿ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ ਹੀ ਲੜਨ ਦੇ ਸਮਰੱਥ ਹੁੰਦਾ ਹੈ।
ਜ਼ਿਆਦਾਤਰ ਸ਼ਰਧਾਲੂ ਮਿੱਟੀ ਉਸ ਥਾਂ ਤੋਂ ਲਿਆਉਂਦੇ ਜਿਥੇ ਬਾਬੇ ਨਾਨਕ ਦੀ ਮਜ਼ਾਰ ਬਣਾਈ ਗਈ ਹੈ ਤੇ ਨਾਲ ਹੀ ਉਹ ਖੂਹ ਹੈ ਜਿਥੋਂ ਗੁਰੂ ਨਾਨਕ ਦੇਵ ਜੀ ਖੇਤਾਂ ਨੂੰ ਪਾਣੀ ਲਾਉਂਦੇ ਸਨ। ਕਈ ਸ਼ਰਧਾਲੂ ਖੇਤਾਂ ਵਿਚੋਂ ਮਿੱਟੀ ਲਿਆਉਂਦੇ ਹਨ। ਇਸ ਮਿੱਟੀ ਨੂੰ ਮੱਥੇ ਨਾਲ ਲਾਉਣ ਦਾ ਹਰ ਸ਼ਰਧਾਲੂ ਖਾਹਸ਼ਮੰਦ ਹੈ।