ਸ਼ਬਦ ਵਿਚਾਰ 93 – ਜਪੁ ਜੀ ਸਾਹਿਬ – ਪਉੜੀ 17

TeamGlobalPunjab
4 Min Read

ਸ਼ਬਦ ਵਿਚਾਰ – 93

ਜਪੁ ਜੀ ਸਾਹਿਬਪਉੜੀ 17

ਡਾ. ਗੁਰਦੇਵ ਸਿੰਘ*

ਅਕਾਲ ਪੁਰਖ ਦਾ ਨਾਮ ਅਨੇਕ ਜੀਵ ਬੇਅੰਤ ਜੁਗਤਾਂ ਰਾਹੀਂ ਲੈਂਦੇ ਆ ਰਹੇ ਹਨ। ਹਰ ਇੱਕ ਦਾ ਮਕਸਦ ਉਸ ਪ੍ਰਮਾਤਮਾ ਨੂੰ ਪਾਉਣਾ ਹੀ ਹੈ। ਅਕਾਲ ਪੁਰਖ ਦੀ ਅਜਿਹੀ ਕੁਦਰਤ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। ਮਨੁੱਖ ਨੂੰ ਕੇਵਲ ਉਸ ਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ ਹੈ। ਜਪੁਜੀ ਸਾਹਿਬ ਦੀ ਚੱਲ ਰਹੀ ਲੜੀ ਵਿਚਾਰ ਵਿੱਚ ਅੱਜ ਅਸੀਂ 17 ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਗੁਰੂ ਸਾਹਿਬ ਕਾਦਰ ਦੀ ਮਹਾਨ ਕੁਦਰਤ ਤੇ ਉਸ ਦੇ ਨਾਮ ਦੀ ਮਹਿਮਾ ਦਾ ਵਰਨਣ ਕਰ ਰਹੇ ਹਨ:

ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥

- Advertisement -

ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥

ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥

ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥

ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥

- Advertisement -

ਪਦ ਅਰਥਅਸੰਖ = ਅਨਗਿਣਤ, ਬੇਅੰਤ (ਜੀਵ) । ਭਾਉ = ਪਿਆਰ। ਤਪ-ਤਾਉ = ਤਪਾਂ ਦਾ ਤਪਣਾ। ਮੁਖਿ = ਮੂੰਹ ਨਾਲ। ਗਰੰਥ ਵੇਦ ਪਾਠ = ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ। ਜੋਗ = ਜੋਗ ਸਾਧਨ ਕਰਨ ਵਾਲੇ। ਮਨਿ = ਮਨ ਵਿਚ। ਉਦਾਸ ਰਹਹਿ = ਉਪਰਾਮ ਰਹਿੰਦੇ ਹਨ। ਗੁਣ ਵੀਚਾਰੁ-ਅਕਾਲ ਪੁਰਖ ਦੇ ਗੁਣਾਂ ਦਾ ਖ਼ਿਆਲ। ਗਿਆਨ ਵੀਚਾਰੁ-(ਅਕਾਲ ਪੁਰਖ ਦੇ) ਗਿਆਨ ਦਾ ਵਿਚਾਰ। ਸਤੀ-ਸਤ ਧਰਮ ਵਾਲੇ ਮਨੁੱਖ। ਦਾਤਾਰ-ਦਾਤਾਂ ਦੇਣ ਵਾਲੇ, ਬਖ਼ਸ਼ਸ ਕਰਨ ਵਾਲੇ। ਸੂਰ-ਸੂਰਮੇ, ਜੋਧੇ। ਮੁਹ-ਮੂੰਹਾਂ ਉੱਤੇ। ਭਖਸਾਰ-ਸਾਰ ਭਖਣ ਵਾਲੇ, ਲੋਹਾ ਖਾਣ ਵਾਲੇ, ਸ਼ਾਸਤ੍ਰਾਂ ਦੇ ਵਾਰ ਸਹਿਣ ਵਾਲੇ। ਮੋਨਿ-ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ-ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।

ਵਿਆਖਿਆ : (ਅਕਾਲ ਪੁਰਖ ਦੀ ਰਚਨਾ ਵਿਚ) ਅਨਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ (ਹੋਰਨਾਂ ਨਾਲ) ਪਿਆਰ (ਦਾ ਵਰਤਾਉ) ਕਰ ਰਹੇ ਹਨ। ਕਈ ਜੀਵ ਪੂਜਾ ਕਰ ਰਹੇ ਹਨ। ਅਤੇ ਅਨਗਿਣਤ ਹੀ ਜੀਵ ਤਪ ਸਾਧ ਕਰ ਰਹੇ ਹਨ। ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ। ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿਚ (ਮਾਇਆ ਵਲੋ) ਉਪਰਾਮ ਰਹਿੰਦੇ ਹਨ।  (ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ, ਅਨੇਕਾਂ ਹੀ ਦਾਨੀ ਤੇ ਦਾਤੇ ਹਨ। (ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ, ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ। ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।17।

ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਪ੍ਰਭੂ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜਗਤ ਵਿਚ ਜੇ ਤੁਸੀਂ ਸਿਰਫ਼ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੇ ਜੋ ਜਪ, ਤਪ, ਪੂਜਾ, ਧਾਰਮਿਕ ਪੁਸਤਕਾਂ ਦਾ ਪਾਠ, ਜੋਗ, ਸਮਾਧੀ ਆਦਿਕ ਕੰਮ ਕਰਦੇ ਚਲੇ ਆ ਰਹੇ ਹਨ, ਤਾਂ ਇਹ ਲੇਖਾ ਮੁੱਕਣ ਜੋਗਾ ਹੀ ਨਹੀਂ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 18ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment