ਸ਼ਬਦ ਵਿਚਾਰ – 86
ਜਪੁ ਜੀ ਸਾਹਿਬ – ਪਉੜੀ 10
ਡਾ. ਗੁਰਦੇਵ ਸਿੰਘ*
ਸ਼ਬਦ ਵਿਚਾਰ ਦੀ ਪਾਵਨ ਲੜੀ ਵਿੱਚ ਕੱਲ ਜਪੁਜੀ ਸਾਹਿਬ ਦੀ 9ਵੀਂ ਪਉੜੀ ਦੀ ਵਿਚਾਰ ਕੀਤੀ ਸੀ ਜਿਸ ਵਿੱਚ ਵਾਹਿਗੁਰੂ ਦੇ ਨਾਮ ਉਸ ਦੀ ਸਿਫਤ ਸਾਲਾਹ ਨੂੰ ਸੁਣਨ ਦੀ ਬਰਕਤ ਬਾਰੇ ਦਸਿਆ ਗਿਆ ਸੀ। ਜਪੁਜੀ ਸਾਹਿਬ ਦੀ 10ਵੀਂ ਪਉੜੀ ਵਿੱਚ ਵੀ ਗੁਰੂ ਸਾਹਿਬ ਉਸ ਅਕਾਲ ਪੁਰਖ ਦੇ ਨਾਮ ਤੇ ਸਿਫਤ ਸਾਲਾਹ ਨੂੰ ਸੁਣਨ ਦੀ ਬਰਕਤ ਦਾ ਹੀ ਉਪਦੇਸ਼ ਦੇ ਰਹੇ ਹਨ :
ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥
ਪਦ ਅਰਥ : ਸਤੁ ਸੰਤੋਖੁ = ਦਾਨ ਤੇ ਸੰਤੋਖ। ਅਠਸਠਿ = ਅਠਾਹਠ ਤੀਰਥ। ਪੜਿ ਪੜਿ = ਵਿੱਦਿਆ ਪੜ੍ਹ ਕੇ। ਪਾਵਹਿ = ਪਾਂਦੇ ਹਨ। ਸਹਜਿ = ਸਹਜ ਅਵਸਥਾ ਵਿਚ। ਸਹਜ = (ਸਹਜ) ਸਹ-ਸਾਥ, ਨਾਲ ਜ-ਜਨਮਿਆ, ਪੈਦਾ ਹੋਇਆ, ਉਹ ਸੁਭਾਉ ਜੋ ਸੁੱਧ-ਸਰੂਪ ਆਤਮਾ ਦੇ ਨਾਲ ਜਨਮਿਆ ਹੈ, ਸ਼ੁੱਧ-ਸਰੂਪ ਆਤਮਾ ਦਾ ਆਪਣਾ ਅਸਲੀ ਧਰਮ, ਮਾਇਆ ਦੇ ਤਿੰਨਾਂ ਗੁਣਾਂ ਤੋਂ ਲੰਘ ਕੇ ਉਪਰ ਦੀ ਅਵਸਥਾ, ਤੁਰੀਆ ਅਵਸਥਾ, ਸ਼ਾਂਤੀ , ਅਡੋਲਤਾ। ਧਿਆਨੁ = ਸੁਰਤ, ਬ੍ਰਿਤੀ। ਗਿਆਨੁ = ਸਾਰੇ ਜਗਤ ਨੂੰ ਪ੍ਰਭੂ-ਪਿਤਾ ਦਾ ਇਕ ਟੱਬਰ ਸਮਝਣ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ।
ਵਿਆਖਿਆ : ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਂਉਕਿ) ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ) , ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ) । ਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ। ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ।10।
ਜਪੁਜੀ ਸਾਹਿਬ ਦੀ ਨੌਵੀਂ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਨਾਮ ਵਿਚ ਸੁਰਤ ਜੋੜਿਆਂ ਹੀ ਮਨ ਵਿਸ਼ਾਲ ਹੁੰਦਾ ਹੈ, ਲੋੜਵੰਦਿਆਂ ਦੀ ਸੇਵਾ ਤੇ ਸੰਤੋਖ ਵਾਲਾ ਜੀਵਨ ਬਣਦਾ ਹੈ। ਨਾਮ ਵਿਚ ਚੁੱਭੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਗਤ ਦੇ ਕਿਸੇ ਮਾਣ-ਆਦਰ ਦੀ ਪਰਵਾਹ ਨਹੀਂ ਰਹਿ ਜਾਂਦੀ, ਮਨ ਸਹਜਿ ਅਵਸਥਾ ਵਿਚ, ਅਡੋਲਤਾ ਵਿਚ, ਮਗਨ ਰਹਿੰਦਾ ਹੈ। ਸ਼ਬਦ ਵਿਚਾਰ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 11ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।