ਚੰਡੀਗੜ੍ਹ: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਡੇਅਰੀ ਵਿਕਾਸ ਵਿਭਾਗ ਵਿੱਚ ਭਰਤੀ ਕੀਤੇ ਤਿੰਨ ਨਵੇਂ ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਸ ਨਾਲ ਸਾਲ 2022 ਤੋਂ ਹੁਣ ਤੱਕ ਇਸ ਵਿਭਾਗ ਵਿੱਚ ਨਵੀਆਂ ਭਰਤੀਆਂ ਦੀ ਕੁੱਲ ਗਿਣਤੀ 52 ਹੋ ਗਈ ਹੈ। ਇਨ੍ਹਾਂ ਨਿਯੁਕਤੀਆਂ ਵਿੱਚ 34 ਇੰਸਪੈਕਟਰ ਗ੍ਰੇਡ-2 ਅਧਿਕਾਰੀ, 8 ਕਲਰਕ, 5 ਆਈ.ਟੀ. ਕਲਰਕ, 4 ਸਟੈਨੋਟਾਈਪਿਸਟ ਅਤੇ 1 ਡਰਾਈਵਰ ਸ਼ਾਮਲ ਹਨ, ਜਿਸ ਨਾਲ ਵਿਭਾਗ ਦੀ ਕਾਰਜ ਕੁਸ਼ਲਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।
ਨਵ-ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਲਗਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜਨਤਕ ਸੇਵਾਵਾਂ ਨੂੰ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਦੀ ਮਜ਼ਬੂਤੀ ਸਾਡੇ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਅਤਿ ਮਹੱਤਵਪੂਰਨ ਹੈ।