ਚੰਡੀਗੜ੍ਹ : ਜੂਨ 1984 ਦੌਰਾਨ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਗਏ ਹਮਲੇ ਅਤੇ ਉਸ ਉਪਰੰਤ ਨਵੰਬਰ ‘ਚ ਦਿੱਲੀ ‘ਚ ਕੀਤੀ ਗਈ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਉਸ ਸਮੇਂ ਸਿੱਖ ਨੌਜਵਾਨੀ ਨੇ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਅਤੇ ਕਈਆਂ ਨੂੰ ਜੇਲ੍ਹਾਂ ‘ਚ ਬੰਦ ਕੀਤਾ ਗਿਆ। ਅੱਜ ਸਿੱਖ ਕੌਮ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਸੰਘਰਸ਼ ਕਰ ਰਹੀ ਹੈ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਅੱਜ ਚੰਡੀਗੜ੍ਹ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਜਥੇ ਦੇ ਰੂਪ ‘ਚ ਗ੍ਰਿਫਤਾਰੀ ਦੇਣ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਜਥਾ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਮੌਕੇ ਪੁਲਿਸ ਵੱਲੋਂ ਉਨ੍ਹਾਂ ‘ਤੇ ਪਾਣੀ ਦੀਆਂ ਵੁਛਾਰਾਂ ਵੀ ਮਾਰੀਆਂ ਗਈਆਂ ਅਤੇ ਲਾਠੀਚਾਰਜ ਵੀ ਕੀਤਾ ਗਿਆ। ਇਸ ਪੂਰੀ ਘਟਨਾ ਦੀ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਹੋਰਾਂ ਵੱਲੋਂ ਨਿਖੇਧੀ ਕੀਤੀ ਗਈ ਹੈ।
ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਅੱਜ ਭਗਵੰਤ ਮਾਨ ਵੀ ਮੋਦੀ ਵਾਲੇ ਰਾਹ ਚੱਲ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਜਾਣਦੇ ਹਨ ਕਿ ਸਿੱਖ ਕੌਮ ਨੇ ਦੇਸ਼ ਦੀ ਅਜ਼ਾਦੀ ਲਈ ਲੰਬਾ ਸਮਾਂ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਅੱਜ ਮੋਰਚਾ ਲੱਗਿਆ ਹੈ ਇਹ ਸ਼ਾਂਤਮਈ ਮੋਰਚਾ ਹੈ ਅਤੇ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਗੱਲ ਕਹਿਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਦਰਸ਼ਨਕਾਰੀ ਆਪਣਾ ਮੰਗ ਪੱਤਰ ਦੇਣ ਜਾ ਰਹੇ ਸਨ ਤਾਂ ਇਸ ਵਿੱਚ ਕਿਹੜਾ ਕੋਈ ਗੁਨਾਹ ਹੋ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਵੱਡੇ ਦਾਅਵੇ ਕੀਤੇ ਗਏ ਸੀ ਕਿ ਉਹ ਲੋਕਾਂ ਦਾ ਲੀਡਰ ਹੈ ਲੋਕਾਂ ਦੀ ਗੱਲ ਸੁਣਦਾ ਹੈ ਤੇ ਹੁਣ ਕੀ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਮਾਨ ਲੋਕਾਂ ਦਾ ਲੀਡਰ ਹੈ ਤਾਂ ਲੋਕਾਂ ਦੀ ਗੱਲ ਸੁਣੇ।ਉਨ੍ਹਾਂ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ,।