ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ। ਸਭ ਥਾਈਂ ਹੋਇ ਸਹਾਇ ।੧।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਪਾਵਨ ਲੜੀ ਅਧੀਨ ਅੱਜ ਨੌਵੇਂ ਮਹਲੇ ਦੀ ਬਾਣੀ ਵਿਚਲਾ ਦੂਸਰਾ ਸ਼ਬਦ ਸਾਧੋ ਰਚਨਾ ਰਾਮ ਬਨਾਈ ॥ ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ਰਹਾਉ॥ ਦੀ ਵੀਚਾਰ ਕਰਾਂਗੇ। ਜੋ ਗਉੜੀ ਰਾਗ ਅਧੀਨ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 219 ‘ਤੇ ਅੰਕਿਤ ਹੈ। ਇਸ ਸ਼ਬਦ ਵਿੱਚ ਗੁਰੂ ਜੀ ਨੇ ਅਕਾਲ ਪੁਰਖ ਦੀ ਰਚੀ ਅਸਚਰਜ ਜਗਤ ਰਚਨਾ ਨੂੰ ਸਮਝਾਉਣ ਦਾ ਉਪਦੇਸ਼ ਦਿੱਤਾ ਹੈ:
ਗਉੜੀ ਮਹਲਾ ੯॥ ਸਾਧੋ ਰਚਨਾ ਰਾਮ ਬਨਾਈ॥ ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ॥੧॥ਰਹਾਉ॥
ਹੇ ਸੰਤ ਜਨੋ! ਪਰਮਾਤਮਾ ਨੇ (ਜਗਤ ਦੀ ਇਹ ਅਸਚਰਜ) ਰਚਨਾ ਰਚ ਦਿੱਤੀ ਹੈ (ਕਿ) ਇਕ ਮਨੁੱਖ (ਤਾਂ) ਮਰਦਾ ਹੈ (ਪਰ) ਦੂਜਾ ਮਨੁੱਖ (ਉਸ ਨੂੰ ਮਰਦਿਆਂ ਵੇਖ ਕੇ ਭੀ ਆਪਣੇ ਆਪ ਨੂੰ) ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ। ਇਹ ਇਕ ਅਸਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ।1। ਰਹਾਉ ਸ਼ਬਦ ਤੋਂ ਭਾਵ ਟੇਕ ਤੋਂ ਲਿਆ ਜਾਂਦਾ ਹੈ। ਰਹਾਉ ਵਾਲੀ ਤੁਕ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਗੁਰਮਤਿ ਸੰਗੀਤ ਸਿਧਾਂਤ ਦੇ ਹਵਾਲੇ ਨਾਲ ਸ਼ਬਦ ਕੀਰਤਨ ਦੇ ਸਮੇਂ ਕੀਰਤਨੀਆਂ ਨੂੰ ਇਸ ਤੁਕ ਨੂੰ ਹੀ ਸਥਾਈ ਬਣਾਉਣਾ ਚਾਹੀਦਾ ਹੈ।
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ॥ ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ॥੧॥
(ਹੇ ਸੰਤ ਜਨੋ!) ਮਨੁੱਖ ਕਾਮ ਦੇ ਕ੍ਰੋਧ ਦੇ ਮੋਹ ਦੇ ਕਾਬੂ ਵਿਚ ਆਇਆ ਰਹਿੰਦਾ ਹੈ ਤੇ ਪਰਮਾਤਮਾ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ। ਇਹ ਸਰੀਰ ਸਦਾ ਨਾਲ ਰਹਿਣ ਵਾਲਾ ਨਹੀਂ ਹੈ, ਪਰ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ, ਜਿਵੇਂ ਰਾਤ ਵੇਲੇ (ਸੁੱਤਿਆਂ ਜੇਹੜਾ) ਸੁਪਨਾ (ਆਉਂਦਾ ਹੈ ਮਨੁੱਖ ਨੀਂਦਰ ਦੀ ਹਾਲਤ ਵਿਚ ਉਸ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਹੈ)।1।
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥ ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ॥੨॥੨॥
(ਹੇ ਸੰਤ ਜਨੋ!) ਜਿਵੇਂ ਬੱਦਲ ਦੀ ਛਾਂ (ਸਦਾ ਇੱਕ ਥਾਂ ਟਿਕੀ ਨਹੀਂ ਰਹਿ ਸਕਦੀ, ਤਿਵੇਂ) ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਇਹ ਸਭ ਕੁਝ (ਆਪਣੇ ਆਪਣੇ ਸਮੇਂ) ਨਾਸ ਹੋ ਜਾਂਦਾ ਹੈ। ਨੌਵੇਂ ਨਾਨਕ ਆਖ ਰਹੇ ਹਨ ਕਿ ਭਾਈ! (ਜਿਸ ਮਨੁੱਖ ਨੇ) ਜਗਤ ਨੂੰ ਨਾਸਵੰਤ ਸਮਝ ਲਿਆ ਹੈ, ਉਹ (ਸਦਾ-ਥਿਰ ਰਹਿਣ ਵਾਲੇ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ।2। 2।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇਸ ਸ਼ਬਦ ਰਾਹੀਂ ਉਪਦੇਸ਼ ਕਰ ਰਹੇ ਹਨ ਕਿ ਅਕਾਲ ਪੁਰਖ ਨੇ ਜਗਤ ਦੀ ਅਸਚਰਜ ਰਚਨਾ ਰਚੀ ਹੈ। ਇਸ ਸੰਸਾਰ ਵਿੱਚ ਜੋ ਦਿਸ ਰਿਹਾ ਹੈ ਉਹ ਸਭ ਨਾਸ਼ਵਾਨ ਹੈ। ਜਿਸ ਮਨੁੱਖ ਨੂੰ ਇਹ ਗਿਆਨ ਹੋ ਜਾਂਦਾ ਹੈ ਉਹ ਹਮੇਸ਼ਾਂ ਗੁਰੂ ਦੀਆਂ ਖੁਸ਼ੀਆਂ ਦਾ ਅਨੰਦ ਮਾਣਦਾ ਹੈ। ਇਸ ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਦੀ ਇਹ ਲੜੀ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 6 ਵਜੇ ਆਪ ਸਭ ਦੇ ਸਨਮੁਖ ਲੈ ਕੇ ਹਾਜਰ ਹੁੰਦੇ ਹਾਂ। ਸ਼ਬਦ ਵਿਚਾਰ ਦੀ ਇਸ ਪਾਵਨ ਲੜੀ ਨੂੰ ਹੋਰ ਵਧੀਆ ਕਰਨ ਲਈ ਤੁਹਾਡੇ ਸੁਝਾਅ ਹਮੇਸ਼ਾਂ ਸਾਡਾ ਰਾਹ ਰੁਸ਼ਨਾਉਣਗੇ ਮੈਸਜ ਕਰ ਕੇ ਤੁਸੀਂ ਆਪਣੇ ਸੁਝਾਅ ਸਾਨੂੰ ਦੇ ਸਕਦੇ ਹੋ। ਸੋ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥