ਭੋਪਾਲ: ਹਵਾਈ ਫ਼ੌਜ ਦੇ ਸ਼ਹੀਦ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਅੱਜ ਬੈਰਾਗੜ੍ਹ ਸਥਿਤ ਵਿਸ਼ਰਾਮਘਾਟ ’ਚ ਪੂਰੇ ਅੰਤਿਮ ਵਿਦਾਈ ਦਿੱਤੀ ਗਈ। ਪਰਿਵਾਰ, ਫ਼ੌਜ ਤੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ ’ਚ ਗਰੁੱਪ ਕੈਪਟਨ ਨੂੰ ਉਨ੍ਹਾਂ ਦੇ ਲਗਭਗ 10 ਸਾਲਾ ਪੁੱਤਰ ਰਿਧੀਮਨ ਨੇ ਅਗਨੀ ਦਿੱਤੀ।
ਇਸ ਮੌਕੇ ਗਰੁੱਪ ਕੈਪਟਨ ਦੇ ਪਿਤਾ ਸੇਵਾਮੁਕਤ ਕਰਨਲ ਕੇ.ਪੀ. ਸਿੰਘ, ਮਾਂ ਊਮਾ ਸਿੰਘ, ਪਤਨੀ ਗੀਤਾਂਜਲੀ ਅਤੇ ਹੋਰ ਪਰਿਵਾਰ ਵਾਲੇ ਵੀ ਮੌਜੂਦ ਸਨ। ਗਰੁੱਪ ਕੈਪਟਨ ਦੀ ਇਕ ਧੀ ਅਰਾਧਿਆ ਵੀ ਹੈ, ਜੋ ਪੁੱਤਰ ਰਿਧੀਮਨ ਤੋਂ ਛੋਟੀ ਹੈ।
ਇਸ ਤੋਂ ਪਹਿਲਾਂ ਇੱਥੇ ਫ਼ੌਜ ਦੇ ਹਸਪਤਾਲ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਕ ਟਰੱਕ ’ਚ ਸਜਾ ਕੇ ਰੱਖਿਆ ਗਿਆ ਅਤੇ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ, ਜੋ ਬੈਰਾਗੜ੍ਹ ਵਿਸ਼ਰਾਮਘਾਟ ਪਹੁੰਚਣ ’ਤੇ ਸੰਪੰਨ ਹੋਈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨਘਾਟ ਮੌਜੂਦ ਰਹੇ। ਉਨ੍ਹਾਂ ਨੇ ਮ੍ਰਿਤਕ ਦੇਹ ’ਤੇ ਪੁਸ਼ਪਚੱਕਰ ਭੇਟ ਕੀਤਾ। ਫ਼ੌਜ ਦੇ ਅਧਿਕਾਰੀ ਕਰਮੀਆਂ ਨੇ ਵੀ ਪੁਸ਼ਪਚੱਕਰ ਭੇਟ ਕਰਨ ਦੇ ਨਾਲ ਹੀ ਆਪਣੇ ਜਾਂਬਾਜ਼ ਅਧਿਕਾਰੀ ਨੂੰ ਸਲਾਮੀ ਦਿੱਤੀ।