“ਹੋਣਾ ਹੁੰਦਾ ਜ਼ਿੰਦਗੀ ‘ਚ ਇੱਕੋ ਵਿਆਹ ਬਈ ਤੇ ਇਸ ਦਿਨ ਦਾ ਨੀ ਕੀਹਨੂੰ ਹੁੰਦਾ ਚਾਅ ਬਈ” ਬੜਾ ਮਕਬੂਲ ਹੋਇਆ ਪੰਜਾਬੀ ਗੀਤ ਲਗਭਗ ਹਰ ਵਿਆਹ ਵਾਲੇ ਘਰ ਲਗਾਇਆ ਜਾਂਦਾ ਹੈ। ਜਿਸ ਦਾ ਅਰਥ ਹੈ ਕਿ ਵਿਆਹ ਵਾਲੇ ਦਿਨ ਦਾ ਹਰ ਕਿਸੇ ਵਿਅਕਤੀ ਨੂੰ ਬੜਾ ਚਾਅ ਹੁੰਦਾ ਹੈ। ਇਸ ਦਿਨ ਹਰ ਕੋਈ ਖੁਸ਼ ਹੁੰਦਾ ਹੈ। ਪਰ ਉੱਤਰ ਪ੍ਰਦੇਸ਼ ਦੇ ਜਿਲ੍ਹੇ ਮਹੋਬਾ ਵਿੱਚ ਵਿਆਹ ਦਾ ਇੱਕ ਅਜਿਹਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਹੋਇਆ ਇੰਝ ਕਿ ਬਰਾਤ ਲੈ ਕੇ ਜਾ ਰਿਹਾ ਲਾੜਾ ਅਰਵਿੰਦ ਰਸਤੇ ਵਿੱਚ ਹੀ ਧਰਨੇ ‘ਤੇ ਬੈਠ ਗਿਆ।
ਇਹ ਸੁਣ ਕੇ ਲਗਭਗ ਸਾਰਿਆਂ ਨੂੰ ਹੀ ਹੈਰਾਨੀ ਹੁੰਦੀ ਹੈ। ਪਰ ਇਹ ਸੱਚ ਹੈ। ਜਿਸ ਰਸਤੇ ਤੋਂ ਬਰਾਤ ਲੰਘ ਰਹੀ ਸੀ ਉਸ ਰਸਤੇ ‘ਤੇ ਕੁਝ ਵਿਅਕਤੀਆਂ ਵੱਲੋਂ ਧਰਨਾ ਲਗਾਇਆ ਗਿਆ ਸੀ ਜਿਹੜੇ ਕਿ ਇੱਕ ਮੈਡੀਕਲ ਕਾਲਜ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਜਦੋਂ ਅਰਵਿੰਦ ਬਰਾਤ ਲੈ ਕੇ ਪਹੁੰਚਿਆ ਤਾਂ ਉਹ ਵੀ ਧਰਨੇ ‘ਤੇ ਬੈਠ ਗਿਆ। ਇਸ ਨੂੰ ਵੇਖਦਿਆਂ ਜਿੱਥੇ ਪ੍ਰਦਰਸ਼ਨਕਾਰੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਉੱਥੇ ਹੀ ਬਰਾਤੀ ਵੀ ਹੈਰਾਨ ਹੋ ਗਏ। ਲਾੜਾ ਇੱਥੇ ਧਰਨੇ ‘ਤੇ 10 ਮਿੰਟ ਤੱਕ ਬੈਠਿਆ।