ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦਾ ਦੌਰਾ ਪੂਰਾ ਕਰਕੇ ਹੁਣ ਚੀਨ ਦੇ ਤਿਆਨਜਿਨ ਸ਼ਹਿਰ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸੱਤ ਸਾਲਾਂ ਬਾਅਦ ਜਦੋਂ ਪੀਐਮ ਮੋਦੀ ਨੇ ਚੀਨ ਦੀ ਧਰਤੀ ‘ਤੇ ਕਦਮ ਰੱਖਿਆ, ਉਦੋਂ ਉਨ੍ਹਾਂ ਲਈ ਰੈਡ ਕਾਰਪੇਟ ਵਿਛਾਇਆ ਗਿਆ ਅਤੇ ਪਰੰਪਰਾਗਤ ਚੀਨੀ ਨਾਚ ਪੇਸ਼ ਕੀਤਾ ਗਿਆ।
ਹਵਾਈ ਅੱਡੇ ‘ਤੇ ਉਨ੍ਹਾਂ ਦਾ ਨਾਚ ਅਤੇ ਸੰਗੀਤ ਨਾਲ ਨਾਲ ਨਿੱਘਾ ਸਵਾਗਤ ਹੋਇਆ। ਇਸ ਤੋਂ ਬਾਅਦ, ਤਿਆਨਜਿਨ ਦੇ ਇੱਕ ਹੋਟਲ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਭਾਰਤੀ ਸ਼ਾਸਤਰੀ ਸੰਗੀਤ ਅਤੇ ਨਾਚ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਹ ਪੇਸ਼ਕਾਰੀਆਂ ਕਰਨ ਵਾਲੇ ਕਲਾਕਾਰ ਚੀਨੀ ਨਾਗਰਿਕ ਸਨ, ਜੋ ਕਈ ਸਾਲਾਂ ਤੋਂ ਭਾਰਤੀ ਸ਼ਾਸਤਰੀ ਸੰਗੀਤ ਅਤੇ ਨਾਚ ਸਿੱਖ ਰਹੇ ਹਨ।
ਹੋਟਲ ਵਿੱਚ ਗਰਮਜੋਸ਼ੀ ਨਾਲ ਸਵਾਗਤ
ਤਿਆਨਜਿਨ ਦੇ ਹੋਟਲ ਵਿੱਚ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਚੀਨ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਹੱਥ ਮਿਲਾਇਆ। ਇਸ ਦੌਰਾਨ ਪ੍ਰਵਾਸੀਆਂ ਨੇ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਵੀ ਲਗਾਏ। ਪੀਐਮ ਮੋਦੀ ਨੇ ਇਨ੍ਹਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਪੀਐਮ ਮੋਦੀ ਦਾ ਸੋਸ਼ਲ ਮੀਡੀਆ ਸੁਨੇਹਾ
ਚੀਨ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਮੈਂ ਚੀਨ ਦੇ ਤਿਆਨਜਿਨ ਪਹੁੰਚ ਗਿਆ ਹਾਂ। ਐਸਸੀਓ ਸਿਖਰ ਸੰਮੇਲਨ ਵਿੱਚ ਵਿਚਾਰ-ਵਟਾਂਦਰੇ ਅਤੇ ਵੱਖ-ਵੱਖ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਦੀ ਉਮੀਦ ਨਾਲ ਉਤਸੁਕ ਹਾਂ।”