ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਛੇ ਦਿਨਾਂ ਤੋਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦੀ ਸਿਹਤ ਹੁਣ ਹੌਲੀ-ਹੌਲੀ ਸੁਧਰ ਰਹੀ ਹੈ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਵੀ ਆਮ ਆਈਆਂ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ, ਉਨ੍ਹਾਂ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਸੀਐਮ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮਾਨਯੋਗ ਰਾਜਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤਾ ਗਿਆ 1600 ਕਰੋੜ ਦਾ ਰਾਹਤ ਪੈਕਜ ਸਿਰਫ ਇੱਕ ਟੋਕਨ ਹੈ। ਉਨ੍ਹਾਂ ਕਿਹਾ ਕਿ 100 ਪ੍ਰਤੀਸ਼ਤ ਪੈਕਜ ਆਉਣਾ ਹਾਲੇ ਬਾਕੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਹੈ ਉਹਨਾਂ ਕਿਹਾ ਕਿ ਹਿਮਾਚਲ ਨਾਲੋਂ ਪੰਜਾਬ ਜਿਆਦਾ ਹੜ੍ਹ ਪ੍ਰਭਾਵਿਤ ਇਲਾਕਾ ਹੈ ਅਤੇ ਇਸ ਦੀ ਹਰ ਹਾਲ ਵਿੱਚ ਮਦਦ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪਾਣੀ ਦਾ ਲੈਵਲ ਥੱਲੇ ਆਉਣ ‘ਤੇ ਪੂਰੀ ਅਸੈਸਮੈਂਟ ਲਗਾ ਕੇ ਕਿ ਕਿਸਾਨਾਂ ਦਾ ਪਸ਼ੂਆਂ ਦਾ ਅਤੇ ਜ਼ਮੀਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਸ ਅਨੁਸਾਰ ਹੋਰ ਪੈਕਜ ਦਿੱਤਾ ਜਾਵੇਗਾ।ਕੇਂਦਰ ਵੱਲੋਂ ਕੇਂਦਰੀ ਟੀਮਾਂ ਦੇ ਸਰਵੇਖਣ ਦੀ ਰਿਪੋਰਟ ਮਗਰੋਂ ਸੌ ਫ਼ੀਸਦੀ ਹੋਰ ਮੁਆਵਜ਼ਾ ਰਾਸ਼ੀ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਅਤੇ ਹੋਰ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੀਤੀ ਜਾਵੇਗੀ।
ਰਾਜਪਾਲ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐਨਡੀਆਰ ਐਫ ਟੀਮਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਇਸ ਦਾ ਪੱਕੇ ਤੌਰ ‘ਤੇ ਹੱਲ ਲੱਭਣ ਅਤੇ ਜੋ ਵੀ ਮਦਦ ਉਹਨਾਂ ਨੂੰ ਚਾਹੀਦੀ ਹੈ ਉਹ ਦੇਣ ਲਈ ਤਿਆਰ ਹਨ। ਦੱਸਣ ਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ੁੱਕਰਵਾਰ ਤੋਂ ਹੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹਨ ਅਤੇ ਡਾਕਟਰਾਂ ਦੀ ਟੀਮ ਮੁਤਾਬਿਕ ਹੁਣ ਉਹਨਾਂ ਦੀ ਹਾਲਤ ਵਿੱਚ ਸੁਧਾਰ ਹੈ ਅਤੇ ਅੱਜ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਹੋਣ ਦੀ ਵੀ ਸੰਭਾਵਨਾ ਹੈ।