ਨਵੀਂ ਦਿੱਲੀ : ਸਰਕਾਰ ਨੇ ਹਥਿਆਰਬੰਦ ਫੌਜ ਦੇ ਜਵਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਹਥਿਆਰਬੰਦ ਫੌਜ ਦੇ ਉਨ੍ਹਾਂ ਜਵਾਨਾਂ ਨੂੰ ਵੀ ਪੈਨਸ਼ਨ ਦੀ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਨੇ 10 ਸਾਲ ਤੋਂ ਘੱਟ ਸਮਾਂ ਸੇਵਾ ਕੀਤੀ ਹੈ। ਦਰਅਸਲ ਜਿਹੜੇ ਫੌਜੀ ਜਵਾਨ 10 ਸਾਲ ਤੋਂ ਘੱਟ ਸਮੇਂ ਦੀ ਸੇਵਾ ਕਰ ਰਹੇ ਹਨ ਉਹ ਪੈਨਸ਼ਨ ਲਈ ਯੋਗ ਨਹੀਂ ਹੁੰਦੇ। ਰੱਖਿਆ ਮੰਤਰੀ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਉਨ੍ਹਾਂ ਸਾਰੇ ਸੈਨਿਕਾਂ ਨੂੰ ਲਾਭ ਹੋਵੇਗਾ ਜੋ 4 ਜਨਵਰੀ 2019 ਨੂੰ ਜਾਂ ਉਸ ਤੋਂ ਬਾਅਦ ਸੇਵਾ ‘ਚ ਸਨ।
ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਹੁਣ ਤੱਕ 10 ਸਾਲ ਸੇਵਾ ਪੂਰੀ ਕਰ ਚੁੱਕੇ ਸੈਨਿਕਾਂ ਨੂੰ ਪੈਨਸ਼ਨ ਦਾ ਲਾਭ ਮੁਹੱਈਆ ਕਰਵਾਉਂਦੀ ਆ ਰਹੀ ਹੈ, ਜੋ ਕਿਸੇ ਕਾਰਨ ਕਰਕੇ ਅਗਲੇਰੀ ਸੈਨਿਕ ਸੇਵਾ ਲਈ ਅਯੋਗ ਕਰਾਰ ਦਿੱਤੇ ਜਾ ਚੁੱਕੇ ਹਨ।
ਮੰਤਰਾਲੇ ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਸਰਕਾਰ ਨੇ ਹਥਿਆਰਬੰਦ ਫੌਜ ‘ਚ 10 ਸਾਲ ਤੋਂ ਘੱਟ ਸੇਵਾ ਕਰ ਰਹੇ ਉਨ੍ਹਾਂ ਸੈਨਿਕਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੂੰ ਜ਼ਖਮੀ ਹੋਣ ਜਾਂ ਮਾਨਸਿਕ ਕਮਜ਼ੋਰੀ ਕਾਰਨ ਉਨ੍ਹਾਂ ਦੀ ਸੇਵਾ ਅੱਗੇ ਨਹੀਂ ਵਧਾਈ ਗਈ ਹੋਵੇ ਜਾਂ ਅਯੋਗ ਕੀਤੇ ਗਏ ਹੋਣ।